ਨਵੀਂ ਦਿੱਲੀ- ਪੁਲਿਸ ਨੇ ਇੱਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਸਿੱਧੂ ਮੂਸੇਵਾਲਾ ਦਾ ਵੱਡਾ 'ਫੈਨ' ਹੋਣ ਦਾ ਦਾਅਵਾ ਕਰਦਾ ਹੈ। ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਨਾਬਾਲਗ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਦਿੱਤੀ ਸੀ। ਨਾਬਾਲਗ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਉਸ ਦੇ ਕਤਲ ਤੋਂ ਬਹੁਤ ਦੁਖੀ ਸੀ, ਇਸ ਲਈ ਉਹ ਲਾਰੈਂਸ ਤੋਂ ਬਦਲਾ ਲੈਣਾ ਚਾਹੁੰਦਾ ਸੀ। ਪੁਲਿਸ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਫਰਜ਼ੀ ਅਕਾਊਂਟ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਕੁਝ ਵੀ.ਆਈ.ਪੀਜ਼ ਅਤੇ ਆਮ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਐਨਡੀਟੀਵੀ ਨੇ PTI ਦੇ ਹਵਾਲੇ ਨਾਲ ਕਿਹਾ ਕਿ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਗਈ ਹੈ। ਪੁਲਸ ਮੁਤਾਬਕ ਮਨਕੀਰਤ ਨੂੰ ‘Gangwar_302’ ਨਾਂ ਦੇ ਅਕਾਊਂਟ ਤੋਂ ਧਮਕੀ ਦਿੱਤੀ ਗਈ ਸੀ। ਇਸ ਅਕਾਊਂਟ 'ਤੇ ਗਾਇਕ ਦੀ ਤਸਵੀਰ 'ਤੇ ਕਰਾਸ ਦਾ ਨਿਸ਼ਾਨ ਵੀ ਬਣਾਇਆ ਗਿਆ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (IFSO) ਕੇ.ਪੀ.ਐਸ. ਮਲਹੋਤਰਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਧਮਕੀ ਦੇਣ ਵਾਲਾ ਨਾਬਾਲਗ ਲੜਕਾ ਸੀ। ਪੁਲਿਸ ਨੇ ਉਹ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ ਜਿਸ ਤੋਂ ਉਸ ਨੇ ਸੋਸ਼ਲ ਮੀਡੀਆ 'ਤੇ ਧਮਕੀਆਂ ਦਿੱਤੀਆਂ ਸਨ।
ਮਸ਼ਹੂਰ ਹੋਣਾ ਚਾਹੁੰਦਾ ਸੀ
ਪੁੱਛਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਬਣਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਵੱਧ ਤੋਂ ਵੱਧ ਲੋਕ ਉਸ ਦੇ ਖਾਤੇ ਨੂੰ ਫਾਲੋ ਕਰਨ। ਪੁਲਿਸ ਨੇ ਇਹ ਵੀ ਦੱਸਿਆ ਕਿ ਨਾਬਾਲਗ ਨੇ ਇੱਕ ਯੂ-ਟਿਊਬ ਚੈਨਲ ਵੀ ਬਣਾਇਆ ਹੋਇਆ ਸੀ। ਉਹ ਇਸ ਚੈਨਲ 'ਤੇ ਯਾਤਰਾ ਨਾਲ ਸਬੰਧਤ ਵੀਡੀਓ ਪੋਸਟ ਕਰਨਾ ਚਾਹੁੰਦਾ ਸੀ ਜਿਵੇਂ ਕਿ ਫਲਾਈਟ ਟਿਕਟ ਕਿਵੇਂ ਬੁੱਕ ਕਰਨੀ ਹੈ, ਹੋਟਲ ਕਿਵੇਂ ਬੁੱਕ ਕਰਨਾ ਹੈ ਆਦਿ।
ਧਮਕੀ ਭਰੀਆਂ ਪੋਸਟਾਂ
ਨਾਬਾਲਗ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ। ਉਸ ਦੇ ਕਤਲ ਤੋਂ ਬਾਅਦ ਕਾਫੀ ਸੋਗ ਸੀ। ਇਸ ਲਈ ਬਦਲਾ ਲੈਣ ਲਈ ਉਸ ਨੇ ਇੰਸਟਾਗ੍ਰਾਮ 'ਤੇ 'ਗੈਂਗਵਾਰ_302' ਨਾਂ ਦਾ ਅਕਾਊਂਟ ਬਣਾਇਆ ਅਤੇ ਇਸ 'ਤੇ ਕਈ ਪੋਸਟਾਂ ਕੀਤੀਆਂ। ਪੋਸਟ ਨੂੰ ਦੇਖਦੇ ਹੀ ਕਈ ਲੋਕਾਂ ਨੇ ਇਸ ਅਕਾਊਂਟ ਨੂੰ ਫਾਲੋ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨਾਬਾਲਗ ਨੇ ਆਪਣੇ ਅਕਾਊਂਟ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਮਨਕੀਰਤ ਔਲਖ ਅਤੇ ਹੋਰ ਪੰਜਾਬੀ ਗਾਇਕਾਂ ਦੀਆਂ ਤਸਵੀਰਾਂ ਨਾਲ ਧਮਕੀਆਂ ਭਰੀਆਂ ਪੋਸਟਾਂ ਪਾਈਆਂ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।