ਲਹਿਰਾਗਾਗਾ /ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸਮਾਜ ਭਲਾਈ ਸਕੀਮਾਂ ਦੇ ਨਾਲ ਨਾਲ ਵਿਕਾਸ ਕਾਰਜ ਠੱਪ ਹੋ ਗਏ ਸਨ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਇਕ ਮਹੀਨੇ ਵਿਚ ਹੀ 24 ਕਰੋੜ 40 ਲੱਖ ਰੁਪਏ ਇਸ਼ਤਿਹਾਬਾਜ਼ੀ ’ਤੇ ਖਰਚ ਕਰ ਕੇ ਪ੍ਰਾਪੇਗੰਡਾ ਮੁਹਿੰਮ ਨਾਲ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ।
ਇਥੇ ਸਾਂਝੇ ਪੰਥਕ ਤੇ ਅਕਾਲੀ ਦਲ ਤੇ ਬਸਪਾ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਲਹਿਰਾ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਅਸਫਲਤਾ ’ਤੇ ਪਰਦਾ ਪਾਉਣ ਲਈ ਪ੍ਰਾਪੇਗੰਡੇ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣਾ ਚਾਹੁੰਦੀ ਹੈ ਜਦੋਂ ਕਿ ਇਹ ਨਾ ਸਿਰਫ ਵਿਕਾਸ ਦੇ ਮਾਮਲੇ ਵਿਚ ਫੇਲ੍ਹ ਹੋਈ ਤੇ ਨੌਕਰੀਆਂ ਦੇਣ ਵਿਚ ਵੀ ਨਾਕਾਮ ਰਹੀ ਤੇ ਇਸਨੇ ਸਿਰਫ ਅਮਨ ਕਾਨੂੰਨ ਸਥਿਤੀ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੁੰ ਪਤਾ ਲੱਗਾ ਹੈ ਕਿ ਸਰਕਾਰ ਨੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਤੇ 2 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਇਸ਼ਤਿਹਾਰਾਂ ਤੇ ਮੀਡੀਆ ਘਰਾਣਿਆਂ ਨੂੰ ਦੱਖਣੀ ਰਾਜਾਂ ਤੱਕ ਤੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਰਗੇ ਉਹਨਾਂ ਰਾਜਾਂ ਵਿਚ ਵੀ ਇਸ਼ਤਿਹਾਰ ਦਿੱਤੇ ਹਨ ਜਿਥੇ ਆਮ ਆਦਮੀ ਪਾਰਟੀ ਚੋਣਾਂ ਲੜਨ ਦੀ ਤਿਆਰੀ ਵਿਚ ਹੈ।
ਸ. ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਆਮ ਆਦਮੀ ਪਾਰਟੀ ਸਰਕਾਰ ਨੇ ਤਿੰਨ ਮਹੀਨਿਆਂ ਵਿਚ ਹੀ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵਾਅਦੇ ਅਨੁਸਾਰ ਬੀਬੀਆਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ 300 ਯੁਨਿਟ ਬਿਜਲੀ ਹਰ ਮਹੀਨੇ ਮੁਫਤ ਦੇਣ ਵਿਚ ਵੀ ਨਾਕਾਮ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਪ੍ਰਧਾਨ ਮੰਤਰੀ ਨੁੰ ਅਪੀਲ ਕੀਤੀ ਕਿ ਅਗਨੀਪਥ ਸਕੀਮ ਵਾਪਸ ਲਈ ਜਾਵੇ ਅਤੇ ਫੌਜ ਵਿਚ ਪੁਰਾਣੇ ਪੈਟਰਨ ’ਤੇ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਅਗਨੀਪਥ ਸਕੀਮ ਨੁੰ ਲੈ ਕੇ ਨੌਜਵਾਨਾਂ ਵਿਚ ਬਹੁਤ ਰੋਸ ਹੈ ਤੇ ਇਹ ਮਸਲਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਫਿਰ ਉਹੀ ਗਲਤੀ ਦੁਹਰਾ ਰਹੀ ਹੈ ਜੋ ਇਸਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕੀਤੀ ਸੀ। ਉਹਨਾਂ ਕਿਹਾ ਕਿ ਅਗਨੀਪਥ ਬਾਰੇ ਫੈਸਲੇ ਦੀ ਤੁਰੰਤ ਸਮੀਖਿਆ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ ’ਤੇ ਆਈ ਐਸ ਆਈ ਐਸ ਵੱਲੋਂ ਕਾਇਰਾਨਾ ਹਮਲਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੁੰ ਅਪੀਲ ਕੀਤੀ ਕਿ ਉਹ ਅਗਾਨਿਸਤਾਨ ਵਿਚਲੇ ਸਿੱਖਾਂ ਤੇ ਉਹਨਾਂ ਦੇ ਗੁਰਧਾਮਾਂ ਦੀ ਸੁਰੱਖਿਆ ਦਾ ਮਾਮਲਾ ਤੁਰੰਤ ਅਫਗਾਨਿਸਤਾਨ ਸਰਕਾਰ ਕੋਲ ਚੁੱਕਣ।
ਇਸ ਦੌਰਾਨ ਭੁਟਾਲ ਕਲਾਂ, ਕੁੜੈਲ, ਮਕਰੋੜ ਸਾਹਿਬ ਤੇ ਭੁੱਲਾਂ ਤੇ ਹੋਰ ਥਾਵਾਂ ’ਤੇ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਦਾ ਕਿਸੇ ਵੀ ਪਾਰਟੀ ਜਾਂ ਰਾਜ ਸਰਕਾਰ ’ਤੇ ਕੋਈ ਅਸਰ ਨਹੀੀ ਪਵੇਗਾ ਪਰ ਬੀਬਾ ਰਾਜੋਆਣਾ ਦੀ ਜਿੱਤ ਨਾਲ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਆਪਣੇ ਪਰਿਵਾਰਾਂ ਨਾਲ ਮਿਲ ਸਕਣਗੇ। ਉਹਨਾਂ ਭਾਈ ਰਾਜੋਆਣਾ ਦੀ ਉਦਾਹਰਣ ਦਿੱਤੀ ਜੋ ਪਿਛਲੇ 28 ਸਾਲਾਂ ਤੋਂ ਬਗੈਰ ਪੈਰੋਲ ਦੇ ਜੇਲ੍ਹ ਵਿਚ ਬੰਦ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਰਿਹਾਈ ਲਈ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਕੇਜਰੀਵਾਲ ਸਰਕਾਰ ਰਿਹਾਅ ਨਹੀਂ ਕਰ ਰਹੀ।
ਪੰਥਕ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਬਾਰੇ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਤਾਂ ਅਕਾਲੀ ਦਲ ਦੇ ਮੈਂਬਰ ਵੀ ਨਹੀਂ ਹਨ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੰਥ ਨੇ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਬੀਬਾ ਰਾਜੋਆਣਾ ਵੀ ਪੁਲਿਸ ਤਸ਼ੱਦਦ ਦਾ ਸ਼ਿਕਾਰ ਰਹੇ ਹਨ ਤੇ ਉਹਨਾਂ ਦੀ ਵੱਡੀ ਭੈਣ ਤੇ ਭਰਾ ਨੂੰ ਪੁਲਿਸ ਨੇ ਮਾਰ ਮੁੁਕਾਇਆ ਤੇ ਘਰ ਸਾੜ ਦਿੱਤਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਮਨਤਾਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਮਹਿੰਦਰ ਰਿਣਵਾ ਨੇ ਵੀ ਸੰਬੋਧਨ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।