
ਆਮ ਆਦਮੀ ਪਾਰਟੀ ਸਰਕਾਰ ਨੇ ਦੋ ਮਹੀਨਿਆਂ ਵਿਚ ਹੀ ਪੰਜਾਬ ਨੂੰ ਤਬਾਹ ਕੀਤਾ : ਸੁਖਬੀਰ
ਪ੍ਰਦੀਪ ਕੁਮਾਰ
ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੋ ਮਹੀਨਿਆਂ ਦੇ ਸਮੇਂ ਵਿਚ ਹੀ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਤੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ, ਅਤਿਵਾਦੀ ਹਮਲੇ ਹੋ ਰਹੇ ਹਨ ਤੇ ਨਸ਼ੇ ਦੀ ਓਵ ਡੋਜ਼ ਕਾਰਨ ਅਣਗਿਣਤ ਮੌਤਾਂ ਹੋ ਰਹੀਆਂ ਹਨ।
ਇਸ ਹਲਕੇ ਦੇ ਪਿੰਡ ਕੱਟਿਆਂਵਾਲੀ ਵਿਚ ਇੱਕ ਬੱਸ ਐਕਸੀਡੈਂਟ ਵਿਚ ਤਿੰਨ ਨੌਜਵਾਨਾਂ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਪੀੜਤ ਪਰਿਵਾਰਾਂ ਨੂੰ ਘੱਟ ਤੋਂ ਘੱਟ 5 ਲੱਖ ਰੁਪਏ ਮੁਆਵਜ਼ਾ ਦੇਵੇ। ਇਸ ਮੌਕੇ ਉਨ੍ਹਾਂ ਜਨਤਕ ਇਕੱਠ ਨੂੰ ਵੀ ਸੰਬੋਧਨ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਵਿਚ ਕਿਵੇਂ ਕੁਸ਼ਾਸਨ ਚੱਲ ਰਿਹਾ ਹੈ। ਦੋ ਮਹੀਨਿਆਂ ਵਿਚ ਹੀ ਪੰਜਾਬ ਵਿਚ 27 ਕਤਲ ਹੋ ਗਏ ਹਨ, 24 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ ਤੇ 61 ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਏ ਹਨ।
ਉਨ੍ਹਾਂ ਕਿਹਾ ਕਿ ਬਜਾਏ ਆਮ ਆਦਮੀ ਨੂੰ ਰਾਹਤ ਦੇਣ ਅਤੇ ਕਾਨੂੰਨ ਦਾ ਰਾਜ ਲਾਗੂ ਕਰਨ, ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੇ ਬੈਂਕਾਂ ਤੋਂ ਕਰਜ਼ੇ ਦੇਣ ਅਤੇ ਨਸ਼ਾ ਮਾਫ਼ੀਆ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਚ ਫ਼ੋਟੋ ਸੈਸ਼ਨਾਂ ਵਿਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਕਪੂਰਥਲਾ ਵਿਚ ਕਬੱਡੀ ਮੈਚ ਵਿਚ ਗੋਲੀ ਚੱਲਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗੲੈ ਹਨ। ਉਨ੍ਹਾਂ ਕਿਹਾ ਕਿ ਕੀ ਇਸੇ ਬਦਲਾਅ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਕੀਤਾ ਸੀ ਜਿਸ ਦੌਰ ਦੌਰਾਨ ਪੰਜਾਬ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਵੋਟਾਂ ਲੈਣ ਵਾਸਤੇ ਪੰਜਾਬੀਆਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਗਿਆ ਤੇ ਨਸ਼ਾ ਖ਼ਤਮ ਕਰਨ ਦਾ ਇਹਨਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਾਲਿਆਂ ਦੇ ਇੱਕ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਤੇ ਦੱਸਿਆ ਹੈ ਕਿਵੇਂ ਪੁਲਿਸ ਨੇ ਪੰਚਾਇਤ ਨੂੰ ਮਜਬੂਰ ਕੀਤਾ ਕਿ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਹੋਣ ਦਾ ਲਿਖਤੀ ਬਿਆਨ ਦੇਵੇ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਮ੍ਰਿਤਕ ਦੇ ਸਰੀਰ ਕੋਲੋਂ ਟੀਕਾ ਵੀ ਮਿਲਿਆ ਹੈ।
ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਕਣਕ ਦੀ ਬਰਾਮਦ ’ਤੇ ਪਾਬੰਦੀ ਖ਼ਤਮ ਕਰੇ ਕਿਉਂਕਿ ਕਣਕ ਦਾ ਝਾੜ ਘਟਣ ਨਾਲ ਮੰਗ ਵਿਚ ਗਿਰਾਵਟ ਦਾ ਸਵਾਂਗ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਬਰਾਮਦਾਂ ਦੀ ਬਦੌਲਤ ਕੀਮਤਾਂ ਵਿਚ ਵਾਧੇ ਦਾ ਲਾਭ ਨਹੀਂ ਲੈਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹੀ ਤਰਕ ਸਟੀਲ ਤੇ ਸੀਮਿੰਟ ਦੇ ਮਾਮਲੇ ਵਿਚ ਨਹੀਂ ਅਪਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਬਰਾਮਦ ਦੀ ਆਗਿਆ ਦੇਣ ਤੋਂ ਬਾਅਦ ਸਟੀਲ ਤੇ ਸੀਮਿੰਟ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ ਪਰ ਕਣਕ ਦੀ ਬਰਾਮਦ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਕਿਉਂਕਿ ਸਰਕਾਰ ਵਿਚ ਕਿਸਾਨਾਂ ਦੀ ਆਵਾਜ਼ ਨਹੀਂ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਕਣਕ ਦੀ ਬਰਾਮਦ ਆਗਿਆ ਹੁੰਦੀ ਤਾਂ ਫਿਰ ਕਿਸਾਨਾਂ ਨੂੰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਹੋੲੈ ਨੁਕਸਾਨ ਦੀ ਪੂਰਤੀ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਣਕ ਦੇ ਝਾੜ ਵਿਚ ਆਈ ਘਾਟ ਨੂੰ ਕੁਦਰਤੀ ਆਫ਼ਤ ਐਲਾਨਣ ਵਿਚ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਚੁੱਕਣਾ ਚਾਹੀਦਾ ਹੈ ਤੇ ਕਿਸਾਨਾਂ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦਾ ਮਾੜਾ ਅਸਰ ਸੂਬੇ ਦੀ ਖੇਤੀਬਾੜੀ ਅਰਥਚਾਰੇ ’ਤੇ ਪੈ ਰਿਹਾ ਹੈ ਤੇ ਇਸ ਨਾਲ ਉਹ ਸਾਰੇ ਪ੍ਰਭਾਵਤ ਹੋਣਗੇ ਜਿੰਨਾ ਦੇ ਹਿਤ ਇਸ ਕਿੱਤੇ ਨਾਲ ਜੁੜੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।