• Home
  • »
  • News
  • »
  • punjab
  • »
  • AAM AADMI PARTY WILL FORM GOVERNMENT IN PUNJAB BUT THIS GOVERNMENT WILL BE OF LAWYERS ARVIND KEJRIWAL

ਪੰਜਾਬ 'ਚ ਆਪ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ: ਅਰਵਿੰਦ ਕੇਜਰੀਵਾਲ

-ਵਕੀਲਾਂ ਲਈ ਅਦਾਲਤਾਂ 'ਚ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਅਤੇ ਵਕੀਲਾਂ ਸਮੇਤ ਪਰਿਵਾਰਾਂ ਨੂੰ ਮਿਲੇਗੀ ਬੀਮਾ ਸਹੂਲਤ

-ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਧੀਆਂ- ਪੁੱਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਦਿੱਤਾ: ਭਗਵੰਤ ਮਾਨ

  • Share this:
ਸ੍ਰੀ ਅੰਮ੍ਰਿਤਸਰ/ ਚੰਡੀਗੜ੍ਹ- ''ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ- ਨਾਲ ਪੰਜਾਬ ਅਤੇ ਜਨਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ ਲਈ ਆਇਆ ਹਾਂ , ਕਿਸੇ ਦਾ ਭਰਾ ਹਾਂ ਅਤੇ ਕਿਸੇ ਦਾ ਪੁੱਤਰ ਹਾਂ।'' ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਵੱਲੋਂ ਕਰਵਾਏ 'ਵਕੀਲ ਭਰਾਵਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਸਮੇਤ ਦੇਸ਼ ਨੂੰ ਚੰਗਾ ਭਵਿੱਖ ਦੇ ਸਕਦੀ ਹੈ। ਆਮ ਲੋਕਾਂ, ਵਕੀਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਜ਼ੋਰਾਂ ਸਿੰਘ (ਰਿਟਾ. ਜਸਟਿਸ), ਅੰਮ੍ਰਿਤਸਰ ਬਾਰ ਐਸੋਸੀਏਸ਼ਨ ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਹੋਰ ਆਗੂ ਮੰਚ 'ਤੇ ਬਿਰਾਜਮਾਨ ਸਨ।

ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਸ੍ਰੀ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ ਸਮੇਤ ਸਮੁੱਚੇ ਪੰਜਾਬ ਵਿਚੋਂ ਆਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ,''ਦਿੱਲੀ ਵਿੱਚ ਵਕੀਲਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿੱਤਾ ਸੀ। ਇਸੇ ਲਈ ਜਦੋਂ 'ਆਪ' ਨੇ ਦੂਜੀ ਵਾਰ ਚੋਣ ਲੜੀ ਤਾਂ 70 ਵਿਚੋਂ 68 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ। ਭਾਜਪਾ ਵੱਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ 'ਆਪ' ਦੇ ਵਕੀਲ ਉਮੀਦਵਾਰ ਨੇ ਹੀ ਹਰਾਇਆ ਸੀ।''

ਕੇਜਰੀਵਾਲ ਨੇ ਨਾਲ ਹੀ ਦੱਸਿਆ ਕਿ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ। ਵਕੀਲਾਂ ਲਈ ਅਦਾਲਤਾਂ ਵਿੱਚ ਚੈਂਬਰ ਬਣਾਏ ਗਏ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਡੀਕਲ ਅਤੇ 'ਲਾਈਫ਼ ਰਿਸਕ' ਬੀਮਾ ਕਵਰ ਦੀ ਸਹੂਲਤ ਦਿੱਤੀ ਗਈ, ਜਿਸ ਕਰਕੇ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਤਾਂ ਦਿੱਲੀ ਦੇ ਕਰੀਬ 130 ਵਕੀਲਾਂ ਦੀ ਬੇਵਕਤੀ ਅਤੇ ਦੁੱਖ ਦਾਇਕ ਮੌਤ ਹੋਈ, ਤਾਂ ਸਰਕਾਰ ਵੱਲੋਂ ਕਰਵਾਏ ਬੀਮੇ ਦੀ ਪੀੜਤ ਪਰਿਵਾਰਾਂ ਨੂੰ 10- 10 ਲੱਖ ਰੁਪਏ ਦੀ ਆਰਥਿਕ ਮਦਦ ਮਿਲੀ। ਜਦੋਂ ਕਿ ਇਲਾਜ ਕਰਾਉਣ ਵਾਲੇ 1150 ਵਕੀਲਾਂ ਨੂੰ ਕਰੀਬ 9 ਕਰੋੜ ਰੁਪਏ ਦੀ ਰਾਹਤ ਮਿਲੀ,ਕਿਉਂਕਿ ਮੈਡੀਕਲ ਬੀਮੇ ਦੇ ਤਹਿਤ ਇਲਾਜ ਦੇ ਖ਼ਰਚੇ ਬੀਮਾ ਕੰਪਨੀ ਵੱਲੋਂ ਅਦਾ ਕੀਤੇ ਗਏ।

ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਸਮੁੱਚੇ ਵਕੀਲ ਭਾਈਚਾਰੇ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ, '' ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ। ਵਕੀਲਾਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਵਕੀਲਾਂ ਸਮੇਤ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ।'' ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਵਕੀਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਅਦਾਲਤਾਂ ਵਿੱਚ ਵਕੀਲਾਂ ਲਈ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਸਥਾਪਤ ਕਰਨ ਦੇ ਨਾਲ- ਨਾਲ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਤਰਾਂ ਦਾ ਬੀਮਾ ਵੀ ਦਿੱਤਾ ਜਾਵੇਗਾ।

ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਦੀ ਸਭਾ ਵਿੱਚ ਆਉਣ 'ਤੇ ਧੰਨਵਾਦ ਕਰਦਿਆਂ ਕਿਹਾ, ''ਆਮ ਆਦਮੀ ਪਾਰਟੀ ਵਿੱਚ ਵਕੀਲ, ਪੱਤਰਕਾਰ, ਕਲਾਕਾਰ, ਅਧਿਆਪਕ ਅਤੇ ਬੇਰੁਜ਼ਗਾਰ ਨੌਜਵਾਨ ਸਭ ਤੋਂ ਜ਼ਿਆਦਾ ਹਨ, ਕਿਉਂਕਿ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਚਾਚੇ- ਤਾਇਆਂ ਦੇ ਪੁੱਤਾਂ, ਭਤੀਜਿਆਂ ਅਤੇ ਜੀਜੇ- ਸਾਲਿਆਂ ਨੂੰ ਤਰਜ਼ੀਹ ਨਹੀਂ ਦਿੰਦੀ। 'ਆਪ' ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਪ੍ਰਦਾਨ ਕੀਤਾ ਹੈ।''

ਮਾਨ ਨੇ ਕਿਹਾ ਅਰਵਿੰਦ ਕੇਜਰੀਵਾਲ ਉਹੀ ਗੱਲ ਕਰਦੇ ਹਨ, ਜਿਹੜੀ ਗੱਲ ਉਹ ਪੂਰੀ ਕਰ ਸਕਦੇ ਹਨ। ਨਾ ਕਿ ਪਾਣੀ 'ਤੇ ਬੱਸਾਂ ਚਲਾਉਣ ਜਾਂ ਚੰਨ 'ਤੇ ਰੈਲੀਆਂ ਕਰਨ ਜਿਹੀਆਂ ਗੱਲਾਂ ਕਰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਮਾਫ਼ੀਆ ਰਾਜ ਦਾ ਹਿੱਸਾ ਨਹੀਂ ਬਣੇਗੀ, ਸਗੋਂ ਆਮ ਲੋਕਾਂ ਦੇ ਦੁੱਖ ਦਰਦਾਂ ਦਾ ਹਿੱਸਾ ਜ਼ਰੂਰ ਬਣੇਗੀ।

ਇਸ ਤੋਂ ਪਹਿਲਾ 'ਆਪ' ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ( ਰਿਟਾ. ਜਸਟਿਸ) ਜ਼ੋਰਾਂ ਸਿੰਘ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਢੰਡ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਆਪ' ਲੀਗਲ ਸੈਲ ਦੇ ਉਪ ਪ੍ਰਧਾਨ ਨਵਦੀਪ ਸਿੰਘ ਜੀਦਾ, ਸੂਬਾ ਸਕੱਤਰ ਕਸ਼ਮੀਰ ਸਿੰਘ ਮੱਲ੍ਹੀ, ਸੰਯੁਕਤ ਸਕੱਤਰ ਨਰਿੰਦਰ ਸਿੰਘ ਟਿਵਾਣਾ, ਪਾਰਟੀ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਇੰਦਰਪ੍ਰੀਤ ਸਿੰਘ ਅਨੰਦ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਲੀਗਲ ਸੈਲ ਹਾਜ਼ਰ ਸਨ।
Published by:Ashish Sharma
First published: