ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਇਸ ਨਾਲ 1304 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੋ ਜਾਵੇਗਾ। 117 ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਹੋਵੇਗੀ।
ਉਧਰ, ਆਮ ਆਦਮੀ ਪਾਰਟੀ ਨੇ ਜਸ਼ਨਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਭਗਵੰਤ ਮਾਨ ਦੇ ਘਰ ਜਲੇਬੀਆਂ ਬਣਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਆਪ ਦੇ ਮੁੱਖ ਮੰਤਰੀ ਉਮੀਦਵਾਰ ਹਨ ਤੇ ਧੂਰੀ ਤੋਂ ਚੋਣ ਲੜ ਰਹੇ ਹਨ।
ਵਾਲੰਟੀਅਰ ਵੀ ਭਗਵੰਤ ਮਾਨ ਦੀ ਕੋਠੀ ’ਤੇ ਪੁੱਜ ਰਹੇ ਹਨ। ਪਿੰਡ ਵਾਸੀਆਂ ਵੱਲੋਂ ਜਸ਼ਨ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਵੱਡੀ ਸਕਰੀਨ ’ਤੇ ਪਿੰਡ ਦੇ ਸਾਰੇ ਲੋਕ ਇਕੱਠੇ ਬੈਠ ਕੇ ਨਤੀਜੇ ਵੇਖਣਗੇ।
ਇਕੱਠ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਠੀ ਨੇੜਲੇ ਇੱਕ ਪਲਾਟ ਵਿੱਚ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ। ਪੰਡਾਲ ਦੇ ਨੇੜੇ ਹੀ ਇੱਕ ਕੋਠੀ ’ਤੇ ਕਰੀਬ ਅੱਧੀ ਦਰਜਨ ਸਪੀਕਰ ਫਿੱਟ ਕੀਤੇ ਗਏ ਹਨ ਤੇ ਦੀਵਾਰ ’ਤੇ ਵੱਡੀ ਸਕਰੀਨ ਲਗਾਈ ਜਾ ਰਹੀ ਸੀ।
ਇਸ ਮੌਕੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਲੋਕਾਂ ਨੂੰ ਸੰਬੋਧਨ ਕਰਨਗੇ। ਵਰਕਰਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਭਗਵੰਤ ਮਾਨ ਹੀ ਮੁੱਖ ਮੰਤਰੀ ਬਣੇਗਾ। ਇਸ ਲਈ ਸਭ ਨੇ ਜਿੱਤ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ।
ਉਧਰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਪੜ ਦੇ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਪਰਿਵਾਰ ਸਮੇਤ ਖਰੜ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ।
ਚੋਣ ਨਤੀਜਿਆਂ ਤੋਂ ਪਹਿਲਾਂ ਚੰਨੀ ਪਰਿਵਾਰ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਚੰਨੀ ਦੋ ਵਿਧਾਨ ਸਭਾ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Election Results 2022, Punjab Assembly election 2022