Baldev Sharma
ਮਾਨਸਾ: ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਅੱਜ ਵੱਖ-ਵੱਖ ਪਿੰਡਾਂ ਢੈਪਈ, ਹੀਰੋਕਲਾਂ, ਕੋਟੜਾ ਵਿਖੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
ਉਨਾਂ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਹੋਂਦ ’ਚ ਆਈ ਹੈ, ਉਦੋਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪਿੰਡ-ਪਿੰਡ ਲੋਕਾਂ ਦੀ ਕਚਹਿਰੀ ’ਚ ਪੁੱਜ ਕੇ ਪੂਰੇ ਕੀਤੇ ਜਾਣਗੇ।
ਸ੍ਰੀ ਸਿੰਗਲਾ ਨੇ ਵੱਖ-ਵੱਖ ਪਿੰਡਾਂ ਅੰਦਰ ਪੁੱਜ ਕੇ ਹਰ ਵਰਗ ਦੇ ਲੋਕਾਂ ਦਾ ਵੱਡੇ ਬਹੁਮਤ ਨਾਲ ਪੰਜਾਬ ਅੰਦਰ ਆਪ ਦੀ ਸਰਕਾਰ ਬਣਾਉਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਜਿੱਥੇ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਲਿਆਂਦੀ ਜਾਵੇਗੀ, ਉਥੇ ਬੇਰੁਜ਼ਗਾਰੀ ਅਤੇ ਪੰਜਾਬ ਦੇ ਲੋਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਠੋਸ ਕਦਮ ਚੁੱਕੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਮਾਨਸਾ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਭਰੋਸੇ ਨੂੰ ਉਹ ਕਦੇ ਵੀ ਭੁਲਾ ਨਹੀ ਸਕਦੇ। ਉਨਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਸੇਵਾਦਾਰ ਵੱਜੋਂ ਹਰ ਵੇਲੇ ਲੋਕਾਂ ਦੇ ਮੌਢੇ ਨਾਲ ਮੌਢਾ ਲਾ ਕੇ ਖੜੇ ਹਨ। ਉਨਾਂ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਸਿਹਤ ਸੇਵਾਵਾਂ ਲਈ ਆਉਣ ਵਾਲੇ ਸਮੇਂ ਅੰਦਰ ਅਜਿਹੇ ਪ੍ਰਬੰਧ ਕੀਤੇ ਜਾਣਗੇ, ਕਿ ਮਾਨਸਾ ਵਾਸੀਆਂ ਨੂੰ ਇਲਾਜ ਲਈ ਦੂਜੇ ਸ਼ਹਿਰਾਂ ਅੰਦਰ ਜਾਣ ਦੀ ਬਿਲਕੁੱਲ ਲੋੜ ਮਹਿਸੂਸ ਨਹੀ ਹੋਵੇਗੀ।
ਸਿਹਤ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕ ਮਸਲਿਆਂ ਦਾ ਹੱਲ ਕਰਨ ਨੂੰ ਪਹਿਲ ਦੇਣਾ ਆਮ ਆਦਮੀ ਪਾਰਟੀ ਦਾ ਪਹਿਲਾ ਟੀਚਾ ਹੈ। ਉਨਾਂ ਕਿਹਾ ਕਿ ਆਪ ਦੀ ਸਰਕਾਰ ’ਚ ਹਰੇਕ ਵਿਅਕਤੀ ਵਿਸ਼ੇਸ਼ ਆਪਣੇ ਆਪ ’ਚ ਸਰਕਾਰ ਦਾ ਨੁਮਾਇੰਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Dr Vijay Singla, Mansa