ਬੇਅਦਬੀ, ਬੇਰੁਜ਼ਗਾਰੀ ਅਤੇ ਕਰਜਾ ਮੁਆਫ਼ੀ ਸਮੇਤ ਭੱਖਦੇ ਮੁੱਦਿਆਂ ਦੇ ਹੱਲ ਲਈ ਤੁਰੰਤ ਵਿਧਾਨ ਸਭਾ ਦਾ ਇਜਲਾਸ ਸੱਦੇ ਚੰਨੀ ਸਰਕਾਰ: ਆਪ

AAP targets Channi government on 10 main issues : ਕੁਲਤਾਰ ਸਿੰਘ ਸੰਧਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਕੋਲੋਂ 10 ਮੁੱਦਿਆਂ ਦਾ ਹਿਸਾਬ- ਕਿਤਾਬ ਮੰਗਿਆ ਅਤੇ ਸਾਰੇ ਲਟਕੇ ਮੁੱਦਿਆਂ ਦੇ ਸਮਾਂਬੱਧ ਹੱਲ ਲਈ ਵਿਧਾਨ ਸਭਾ ਦਾ ਤੁਰੰਤ ਇਜਲਾਸ ਬੁਲਾਉਣ ਦੀ ਮੰਗ ਕੀਤੀ।

ਬੇਅਦਬੀ, ਬੇਰੁਜ਼ਗਾਰੀ ਅਤੇ ਕਰਜਾ ਮੁਆਫ਼ੀ ਸਮੇਤ ਭੱਖਦੇ ਮੁੱਦਿਆਂ ਦੇ ਹੱਲ ਲਈ ਤੁਰੰਤ ਵਿਧਾਨ ਸਭਾ ਦਾ ਇਜਲਾਸ ਸੱਦੇ ਚੰਨੀ ਸਰਕਾਰ: ਕੁਲਤਾਰ ਸਿੰਘ ਸੰਧਵਾਂ

ਬੇਅਦਬੀ, ਬੇਰੁਜ਼ਗਾਰੀ ਅਤੇ ਕਰਜਾ ਮੁਆਫ਼ੀ ਸਮੇਤ ਭੱਖਦੇ ਮੁੱਦਿਆਂ ਦੇ ਹੱਲ ਲਈ ਤੁਰੰਤ ਵਿਧਾਨ ਸਭਾ ਦਾ ਇਜਲਾਸ ਸੱਦੇ ਚੰਨੀ ਸਰਕਾਰ: ਕੁਲਤਾਰ ਸਿੰਘ ਸੰਧਵਾਂ

 • Share this:
  ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੱਤਾਧਾਰੀ ਕਾਂਗਰਸ ਉਪਰ ਸੂਬੇ ਅਤੇ ਲੋਕਾਂ ਦੇ ਚਿਰਾਂ ਤੋਂ ਲਟਕਦੇ ਪਏ ਭਖਵੇਂ ਮੁੱਦਿਆਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸੀ ਆਗੂ ਅਤੇ ਸਰਕਾਰ ਕਦੇ 18, ਕਦੇ 5 ਅਤੇ ਹੁਣ 13 ਸੂਤਰੀ ਏਜੰਡਿਆਂ ਦੀ ਗਿਣਤੀ ਦੱਸਣ ਦੀ ਥਾਂ ਇਹਨਾਂ ਉਤੇ ਅਮਲ ਕਰਨ ਦੀ ਇੱਕ ਤਰੀਖ਼ ਨਿਸ਼ਚਤ ਕਰੇ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਅੰਦਰ ਸਰਕਾਰ ਕਾਂਗਰਸ ਪਾਰਟੀ ਦੀ ਹੀ ਹੈ। ਪ੍ਰੰਤੂ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੰਝ ਗੱਲਾਂ ਕਰ ਰਹੇ ਹਨ, ਜਿਵੇਂ ਪਿੱਛਲੇ ਸਾਢੇ ਚਾਰ ਸਾਲ ਸਰਕਾਰ ਕਾਂਗਰਸ ਦੀ ਨਾ ਹੋ ਕੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ, ਉਥੇ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੰਝ ਚਿੱਠੀਆਂ ਖਿਲ ਰਹੇ ਹਨ, ਜਿਵੇਂ ਉਹ ਸੱਤਾਧਾਰੀ ਧਿਰ ਦੇ ਪ੍ਰਧਾਨ ਨਾ ਹੋ ਕੇ ਵਿਰੋਧੀ ਧਿਰ ਦੇ ਨੇਤਾ ਹੋਣ।

  ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਕੋਲੋਂ 10 ਮੁੱਦਿਆਂ ਦਾ ਹਿਸਾਬ- ਕਿਤਾਬ ਮੰਗਿਆ ਅਤੇ ਸਾਰੇ ਲਟਕੇ ਮੁੱਦਿਆਂ ਦੇ ਸਮਾਂਬੱਧ ਹੱਲ ਲਈ ਵਿਧਾਨ ਸਭਾ ਦਾ ਤੁਰੰਤ ਇਜਲਾਸ ਬੁਲਾਉਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਹਾਜ਼ਰ ਸਨ।

  ਕੁਲਤਾਰ ਸਿੰਘ ਸੰਧਵਾਂ ਨੇ ਅੱਗੇ ਕਿਹਾ, ‘‘ਪੰਜਾਬ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਸਮੇਤ ਹੋਰਨਾਂ ਧਰਮਾਂ ਦੇ ਪਵਿੱਤਰ ਧਾਰਮਿਕ ਗਰੰਥਾਂ ਗੀਤਾ ਅਤੇ ਕੁਰਾਨ ਦੀ ਬੇਅਦਬੀ ਹੋਈ, ਜਿਸ ਨਾਲ ਪੰਜਾਬ ਵਾਸੀਆਂ ਨੂੰ ਗਹਿਰਾ ਦੁੱਖ ਲੱਗਿਆ। ਇਸ ਲਈ ਪੰਜਾਬ ਵਾਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਦੇ ਰਹੇ ਹਨ, ਪਰ ਕਾਂਗਰਸ ਸਰਕਾਰ ਦੇ ਰਾਜ ਵਿੱਚ ਕਿਸੇ ਵੀ ਦੋਸ਼ੀ ਨੂੂੰ ਸਜ਼ਾ ਨਹੀਂ ਮਿਲੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਹੋਰਨਾਂ ਗਰੰਥਾਂ ਸਮੇਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਅਤੇ ਦੋਸ਼ੀਆਂ- ਸਾਜਿਸ਼ਕਾਰਾਂ ਨੂੰ ਸਜ਼ਾ ਕਦੋਂ ਮਿਲੇਗੀ?

  ਸਰਕਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ ’ਤੇ ਘਰੇਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਘਰ- ਘਰ ਨੌਕਰੀ’ ਦਾ ਵਾਅਦਾ ਕਦੋਂ ਪੂਰਾ ਹੋਵੇਗਾ? ਸਰਕਾਰੀ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਦੇਣ ਬਾਰੇ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ’ਚ ਕੀ- ਕੁੱਝ ਕੀਤਾ ਚੰਨੀ ਸਾਹਿਬ ਵਾਇਟ ਪੇਪਰ ਜਾਰੀ ਕਰਨ। ਕੀ ਚੰਨੀ ਸਰਕਾਰ ਦੱਸ ਸਕੇਗੀ ਕਿੰਨੇ ਬੇਰੁਜਗਾਰਾਂ ਨੂੰ ਨੌਕਰੀ ਦਿੱਤੀ। ਪੰਜਾਬ ’ਚ ਕੁੱਲ ਕਿੰਨੇ ਬੇਰੁਜ਼ਗਾਰ ਹਨ? ਬੇਰੁਜ਼ਗਾਰੀ ਦਾ 2500 ਭੱਤਾ ਕਿਉਂ ਨਹੀਂ ਦਿੱਤਾ?

  ਸੰਧਵਾਂ ਨੇ ਸਵਾਲ ਕੀਤਾ ਕਿ ‘ਮਾਫ਼ੀਆ ਰਾਜ’ ਖ਼ਤਮ ਕਰਨ ਬਾਰੇ ਚੰਨੀ ਸਰਕਾਰ ਕੀ ਕਦਮ ਚੁੱਕ ਰਹੀ ਹੈ? ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨ ਲਈ ਸ਼ਰਾਬ ਕਾਰੋਪੇਰਸ਼ਨ ਅਤੇ ਰੇਤ ਮਾਫ਼ੀਆ ਦੇ ਖ਼ਾਤਮੇ ਲਈ ਰੇਤ ਕਾਰਪੋਰੇਸ਼ਨ ਦੇ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਗਏ ?

  ਕਰਜਾ ਮੁਆਫ਼ੀ ਬਾਰੇ ਕਾਂਗਰਸ ਸਰਕਾਰ ਨੂੰ ਕੁਲਤਾਰ ਸਿੰਘ ਸੰਧਵਾਂ ਨੇ ਪੁੱਛਿਆ, ‘‘ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਆਫ਼ੀ ਕਿਉਂ ਨਹੀਂ ਕੀਤੀ? ਚੰਨੀ ਸਰਕਾਰ ਵਾਅਦਾ ਖ਼ਿਲਾਫ਼ੀ ਲਈ ਅੰਨਦਾਤਾ ਅਤੇ ਕਿਰਤੀਆਂ ਤੋਂ ਮੁਆਫ਼ੀ ਮੰਗੇ ਅਤੇ ਵਾਇਟ ਪੇਪਰ ਜਾਰੀ ਕਰਕੇ ਦੱਸੇ ਕਿ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਸਰਕਾਰੀ ਤੇ ਗ਼ੈਰ ਸਰਕਾਰੀ ਕਰਜਾ ਕਿੰਨਾ ਹੈ ਅਤੇ ਸਾਢੇ ਚਾਰ ਸਾਲਾਂ ’ਚ ਸਰਕਾਰ ਨੇ ਕਿੰਨਾ ਮੁਆਫ਼ ਕੀਤਾ ਹੈ?’’

  ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ਾ ਮਾਫ਼ੀਆ ਬਾਰੇ ਚੁੱਪ ਰਹਿਣ ’ਤੇ ਚੰਨੀ ਸਰਕਾਰ ਦੀ ਅਲੋਚਨਾ ਕਰਦਿਆਂ ਸੰਧਵਾਂ ਨੇ ਕਿਹਾ ਕਿ ਨਸ਼ਿਆਂ ਅਤੇ ਨਸ਼ਾ ਮਾਫ਼ੀਆ ਬਾਰੇ ਸਾਢੇ ਚਾਰ ਸਾਲਾਂ ’ਚ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਗਿਆ ? ਵੱਡੇ ਤਸਕਰਾਂ ਅਤੇ ਸਿਆਸੀ ਸਰਗਨਿਆਂ ਨੂੰ ਹੱਥ ਕਿਉਂ ਨਹੀਂ ਪਾਇਆ? ਐਸ.ਟੀ.ਐਫ਼ ਦੀ ਰਿਪੋਰਟ ਦਾ ਲਿਫਾਫ਼ਾ ਕਿਉਂ ਨਹੀਂ ਖੁਲ੍ਹ ਰਿਹਾ?

  ਐਸ.ਸੀ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਮੁੱਚੇ ਗੈਂਗ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸੰਧਵਾਂ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦੱਸਣ ਕਿ ਇਸ ਲਈ ਕੋਈ ਮਹੂਰਤ ਕਢਾਉਣਾ ਪਊ? ਉਨ੍ਹਾਂ ਕਿਹਾ ਕਿ ਚਾਰ ਅਫ਼ਸਰਾਂ ’ਤੇ ਕਾਗਜੀ ਕਾਰਵਾਈ ਨਾਲ ਲੋਕਾਂ ਦੇ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੀ ਚੰਨੀ ਸਰਕਾਰ।

  ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਸਰਕਾਰ ਵੱਲੋਂ ਕੀਤੇ ਧੋਖ਼ਿਆਂ ਦਾ ਹਿਸਾਬ ਮੰਗਦਿਆਂ ਸੰਧਵਾਂ ਨੇ ਕਿਹਾ ਕਿ ਬਜ਼ੁੁਰਗਾਂ, ਵਿਧਵਾਵਾਂ, ਅਪਾਹਜਾਂ ਅਤੇ ਨਿਰਭਰਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਅੱਜ ਵੀ ਕਿਉਂ ਨਹੀਂ ਮਿਲਣ ਲੱਗੀ? ਉਨ੍ਹਾਂ ਕਿਹਾ ਕਿ ਲੋਕ ਮਾਰੂ ਪ੍ਰਾਈਵੇਟ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਅਜੇ ਤੱਕ ਰੱਦ ਕਿਉਂ ਨਹੀਂ ਕੀਤਾ ਗਿਆ?

  ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਬਦਤਰ ਹੋਈ ਕਾਨੂੰਨ ਵਿਵਸਥਾ ਨੇ ਜਿੱਥੇ ਸੂਬੇ ’ਚ ਡਰ ਅਤੇ ਭੈਅ ਦਾ ਮਹੌਲ ਪੈਦਾ ਕਰ ਰੱਖਿਆ ਹੈ, ਉਥੇ ਇਸ ਨਾਲ ਸੂਬੇ ਦੇ ਵਪਾਰ- ਕਾਰੋਬਾਰ ਅਤੇ ਉਦਯੋਗਾਂ ’ਤੇ ਬੁਰਾ ਅਸਰ ਪੈ ਰਿਹਾ ਹੈ। ਹਰ ਦਿਨ ਅਗਵਾ, ਫਿਰੌਤੀਆਂ ਅਤੇ ਲੁੱਟਮਾਰ ਦੀ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਇਸ ਸੰਕਟ ’ਚੋਂ ਕੱਢਣ ਲਈ ਚੰਨੀ ਸਰਕਾਰ ਕੋਲ ਕੋਈ ਏਜੰਡਾ ਹੀ ਨਹੀਂ ਹੈ।
  Published by:Sukhwinder Singh
  First published: