ਪਿਛਲੇ ਦੋ ਦਿਨਾਂ ਤੋਂ ਲਗਤਾਰ ਭਾਰੀ ਬਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਕਈ ਇਲਾਕਿਆਂ ਵਿਚ ਫਸਲਾਂ ਲਈ ਇਕ ਮੁਸੀਬਤ ਬਣ ਕੇ ਆਈ ਹੈ। ਭਾਰੀ ਬਾਰਸ਼ ਨਾਲ ਹਲਕਾ ਲੰਬੀ ਅਤੇ ਮਲੋਟ ਦੀ ਹਜ਼ਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ, ਜਿੱਥੇ ਇਸ ਬਾਰਸ਼ ਨਾਲ ਝੋਨੇ, ਨਰਮੇ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ, ਉਥੇ ਪਸ਼ੂਆਂ ਲਈ ਬੀਜੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ।
ਖੇਤੀਬਾੜੀ ਵਿਭਾਗ ਦੇ ਅਨੁਸਾਰ ਪੂਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਰੀਬ 15 ਹਜਾਰ ਹੈਕਟੇਅਰ ਏਕੜ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਹਲਕੇ ਦੇ ਪਿੰਡ ਮਿਡਾਂ, ਰਾਣੀਵਾਲਾ, ਬੋਦੀਵਾਲਾ, ਪੱਕੀ ਟਿਬੀ, ਈਨਾਂਖੇੜਾ, ਵਿਰਕਾ ਆਦਿ ਕਾਫੀ ਪ੍ਰਭਾਵਤ ਹੋਏ ਹਨ। ਫਸਲਾਂ ਵਿਚ ਖੜ੍ਹਾ ਗੋਡੇ-ਗੋਡੇ ਪਾਣੀ ਇਕ ਝੀਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਫਸਲਾਂ ਵਿਚੋਂ ਪਾਣੀ ਦੀ ਨਿਕਾਸੀ ਅਲੱਗ ਅਲੱਗ ਪਿੰਡਾਂ ਦੇ ਲੋਕਾਂ ਵਿਚ ਇਕ ਝਗੜੇ ਦਾ ਵੀ ਕਾਰਨ ਬਣ ਸਕਦੀ ਹੈ।
ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਹ ਪਿੰਡ ਪਿਛਲੇ ਕਈ ਸਾਲ ਪਹਿਲਾਂ ਸੇਮ ਦੀ ਮਾਰ ਝਲਦੇ ਰਹੇ ਜਿਸ ਕਾਰਨ ਕੋਈ ਫਸਲ ਨਹੀਂ ਹੋਈ ਸੀ। ਫਿਰ ਉਸ ਸਮੇਂ ਦੀ ਸਰਕਾਰ ਨੇ ਸੇਮ ਦੇ ਖਤਮੇ ਲਈ ਸੇਮ ਨਾਲਿਆਂ ਦਾ ਨਿਰਮਾਣ ਕਰਵਾਇਆ ਤੇ ਕੁਝ ਫਸਲ ਹੋਣ ਦੀ ਆਸ ਬੱਝੀ ਸੀ ਪਰ ਹੁਣ ਭਾਰੀ ਬਾਰਸ਼ ਕਾਰਨ ਇਨ੍ਹਾਂ ਵਿਚੋਂ ਪਾਣੀ ਓਵਰਫਲੋ ਹੋਣ ਕਰਕੇ ਕਿ ਨੀਵੇਂ ਰਕਬੇ ਵਿਚ ਭਰ ਗਿਆ।
ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਫ਼ਸਲਾਂ ਨਰਮੇ ਝੋਨਾ, ਮੂੰਗੀ ਅਤੇ ਪਸ਼ੂਆਂ ਦੇ ਚਾਰੇ ਦਾ ਕਾਫੀ ਨੁਕਸਾਨ ਹੈ। ਸੇਮ ਨਾਲਿਆਂ ਵਿਚ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਹੋਣ ਕਰਕੇ ਅਜਿਹਾ ਹੋਇਆ ਹੈ। ਕਿਸਾਨ ਦਾ ਕਹਿਣਾ ਹੈ ਕੇ ਅਜੇ ਤੱਕ ਕਿਸੇ ਵੀ ਮਹਿਕਮੇ ਦੇ ਅਧਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਇਸ ਮੌਕੇ ਪੀੜਤ ਕਿਸਾਨਾ ਦੀ ਸਾਰ ਲੈਣ ਪੁੱਜੇ ਬੀਜੇਪੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਹਲਕਾ ਲੰਬੀ ਤੋਂ ਬੀਜੇਪੀ ਦੇ ਉਮੀਦਵਾਰ ਰਹੇ ਰਕੇਸ਼ ਧੀਗੜਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਸਾਰ ਲੈਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਤ ਫਸਲਾਂ ਦੀ ਜਲਦ ਗਿਰਦਾਵਰੀ ਕਰਵਾ ਕੇ ਯੋਗ ਮੂਆਵਜਾ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heavy rain fall, Punjab farmers