ਮੌਤ ਦੇ ਕਲਾਵੇ 'ਚ ਬੇਜ਼ੁਬਾਨ, ਕਾਗਜ਼ਾਂ ਤੱਕ ਸੀਮਤ ਐਕਟ! ਸਾਲ 2019 ‘ਚ ਹੀ ਲੱਖਾਂ ਦੀ ਗਿਣਤੀ ‘ਚ ਮਰੇ ਜੀਵ-ਜੰਤੂ

News18 Punjabi | News18 Punjab
Updated: August 8, 2020, 8:11 PM IST
share image
ਮੌਤ ਦੇ ਕਲਾਵੇ 'ਚ ਬੇਜ਼ੁਬਾਨ, ਕਾਗਜ਼ਾਂ ਤੱਕ ਸੀਮਤ ਐਕਟ! ਸਾਲ 2019 ‘ਚ ਹੀ ਲੱਖਾਂ ਦੀ ਗਿਣਤੀ ‘ਚ ਮਰੇ ਜੀਵ-ਜੰਤੂ
ਮੌਤ ਦੇ ਕਲਾਵੇ 'ਚ ਬੇਜ਼ੁਬਾਨ, ਕਾਗਜ਼ਾਂ ਤੱਕ ਸੀਮਤ ਐਕਟ! ਸਾਲ 2019 ‘ਚ ਹੀ ਲੱਖਾਂ ਦੀ ਗਿਣਤੀ ‘ਚ ਮਰੇ ਜੀਵ-ਜੰਤੂ (file photo)

ਡੈਮ, ਨਦੀਆਂ ਤੇ ਲੋਕਾਂ 'ਤੇ ਕੰਮ ਕਰਨ ਵਾਲੇ ਸਾਊਥ ਏਸ਼ੀਆ ਨੈੱਟਵਰਕ ਦੀ ਰਿਪੋਰਟ ਮੁਤਾਬਿਕ ਸਾਲ 2019 'ਚ ਭਾਰਤ 'ਚ ਮਨੁੱਖ ਦੀ ਗਲਤੀ ਕਰਕੇ ਲੱਖ-ਕਰੋੜਾਂ ਦੀ ਗਿਣਤੀ ਜੀਵ-ਜੰਤੂ ਮੌਤ ਦੇ ਮੂੰਹ 'ਚ ਚਲੇ ਗਏ।

  • Share this:
  • Facebook share img
  • Twitter share img
  • Linkedin share img
ਰਮਨਦੀਪ ਸਿੰਘ ਭਾਗੂ

ਮਨੁੱਖ ਦਾ ਸਵਾਰਥ ਤੇ ਲਾਲਚ ਇੰਨਾ ਵਧ ਗਿਆ ਹੈ ਕਿ ਉਸਨੂੰ ਨਾ ਤਾਂ ਆਪਣੀ ਜਾਤੀ ਦੀ ਹੋਂਦ ਦੀ ਫਿਕਰ ਹੈ ਅਤੇ ਨਾ ਹੀ ਪਸ਼ੂ-ਪੰਛੀਆਂ, ਜੀਵ-ਜੰਤੂਆਂ ਦੀ ਕੋਈ ਪਰਵਾਹ ਹੈ। ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ 'ਚ ਹੋਈਆਂ 100 ਤੋਂ ਵੱਧ ਮੌਤਾਂ ਮਨੁੱਖ ਦੇ ਲਾਲਚ ਦਾ ਨਤੀਜਾ ਹਨ। ਇਹ ਲਾਲਚ, ਖੁਦਗਰਜ਼ੀ ਤੇ ਸਵਾਰਥ ਇਸ ਵਾਰ ਇਨਸਾਨੀ ਜ਼ਿੰਦਗੀਆਂ 'ਤੇ ਭਾਰੀ ਪਿਆ ਹੈ, ਪਰ ਇਨਸਾਨ ਦੀਆਂ ਇਹਨਾਂ ਗਲਤੀਆਂ ਨੇ ਬੇਜ਼ੁਬਾਨਾਂ ਦੀ ਜਾਨ ਵੀ ਜ਼ੋਖਮ 'ਚ ਪਾਈ ਹੈ।

ਫਿਲੌਰ ਨੇੜਲੇ ਪਿੰਡਾਂ 'ਚ ਸਤਲੁਜ ਦਰਿਆ 'ਚ ਵੱਡੀ ਗਿਣਤੀ 'ਚ ਮੱਛੀਆਂ ਮਰਨ ਦੀ ਖ਼ਬਰ ਹੈ। ਖਦਸ਼ਾ ਇਹ ਹੈ ਕਿ ਮਾਝੇ 'ਚ ਹੋਈਆਂ ਮੌਤਾਂ ਦੇ ਬਾਅਦ ਪੁਲਿਸ ਨੇ ਪੰਜਾਬ ਭਰ 'ਚ ਨਜਾਇਜ਼ ਤੌਰ 'ਤੇ ਸ਼ਰਾਬ ਤਿਆਰ ਕਰਨ ਵਾਲਿਆਂ ਖਿਲਾਫ ਜੋ ਮੁਹਿੰਮ ਵਿੱਢੀ ਹੈ, ਉਸਦੇ ਡਰ ਕਰਕੇ ਨਜਾਇਜ਼ ਸ਼ਰਾਬ ਦੇ ਧੰਦੇ 'ਚ ਸ਼ਾਮਲ ਲੋਕਾਂ ਨੇ ਲਾਹਣ ਤੇ ਸ਼ਰਾਬ ਲਈ ਵਰਤੇ ਜਾਂਦੇ ਕੈਮੀਕਲ ਨੂੰ ਦਰਿਆ 'ਚ ਰੋੜ ਦਿੱਤਾ ਹੈ। ਖੁਦ ਦੀ ਚਮੜੀ ਬਚਾਉਣ ਲਈ ਬੇਜ਼ੁਬਾਨਾਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਹੈ। ਇਹ ਗਲਤੀ ਸਿਰਫ਼ ਸ਼ਰਾਬ ਮਾਫੀਆ ਤੱਕ ਸੀਮਤ ਨਹੀਂ। ਪੁਲਿਸ ਨੇ ਵੀ ਬਹੁਤ ਥਾਵਾਂ 'ਤੇ ਦਰਿਆ ਕੰਢੇ ਕੱਢੀ ਜਾ ਰਹੀ ਲਾਹਣ 'ਤੇ ਰੇਡ ਕੀਤੀ ਤੇ ਉਹ ਲਾਹਣ ਨੂੰ ਦਰਿਆ 'ਚ ਹੀ ਵਹਾਅ ਕੇ ਹੀ ਨਸ਼ਟ ਕਰ ਦਿੱਤਾ ਜਾਂਦਾ ਰਿਹਾ। ਇਸ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਸਨ। ਜਿੱਥੇ ਪੁਲਿਸ ਨੇ ਸਤਲੁਜ ਦਰਿਆ 'ਚ ਕੱਢੀ ਜਾ ਰਹੀ ਲਾਹਣ ਨੂੰ ਦਰਿਆ 'ਚ ਵੀ ਵਹਾਅ ਦਿੱਤਾ ਸੀ। ਜਦੋਂ ਜ਼ਿੰਮੇਵਾਰ ਅਧਿਕਾਰੀ ਅਜਿਹੀਆਂ ਗਲਤੀਆਂ ਕਰਨਗੇ ਤਾਂ ਫਿਰ ਆਪਣੇ ਸਵਾਰਥ ਲਈ ਕੰਮ ਕਰ ਰਹੇ ਮਾਫੀਏ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।
ਸਾਲ 2018 'ਚ ਵਿੱਚ ਵੀ ਕੀੜੀ ਅਫ਼ਗਾਨਾ 'ਚ ਪੈਂਦੀ ਇੱਕ ਸ਼ੂਗਰ ਮਿੱਲ ਦੀ ਗੈਰਜ਼ਿੰਮੇਵਾਰੀ, ਲਾਪਰਵਾਹੀ ਕਰਕੇ ਬਿਆਸ ਦਰਿਆ ਦੇ ਪਾਣੀ 'ਚ ਜ਼ਹਿਰ ਘੁਲ ਗਿਆ ਸੀ। ਸ਼ੂਗਰ ਮਿੱਲ ਦਾ ਸੀਰਾ ਦਰਿਆ 'ਚ ਰੋੜ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਕਿ ਦਰਿਆ ਵਿਚਲੀ ਲੱਖਾਂ ਮੱਛੀਆਂ ਤੇ ਦੂਜੇ ਜੀਵ-ਜੰਤੂ ਮਰ ਗਏ ਸਨ। ਪੂਰੇ ਪੰਜਾਬ ਭਰ 'ਚ ਇਸ ਘਟਨਾ ਨੂੰ ਲੈ ਕੇ ਰੌਲਾ ਪਿਆ। ਜਾਂਚਾਂ ਹੋਈਆਂ, ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ। 5 ਕਰੋੜ ਦਾ ਜ਼ੁਰਮਾਨਾ ਲਾਇਆ ਗਿਆ। ਪਰ ਦਸੰਬਰ 2018 'ਚ ਮਿੱਲ ਦੀਆਂ ਚਿਮਨੀਆਂ 'ਚੋਂ ਫਿਰ ਧੂੰਆਂ ਨਿਕਲਣ ਲੱਗਿਆ ।

2019 'ਚ ਲੱਖਾਂ ਜੀਵ-ਜੰਤੂਆਂ ਦੀਆਂ ਮੌਤਾਂ ਹੋਈਆਂ 

ਡੈਮ, ਨਦੀਆਂ ਤੇ ਲੋਕਾਂ 'ਤੇ ਕੰਮ ਕਰਨ ਵਾਲੇ ਸਾਊਥ ਏਸ਼ੀਆ ਨੈੱਟਵਰਕ ਦੀ ਰਿਪੋਰਟ ਮੁਤਾਬਿਕ ਸਾਲ 2019 'ਚ ਭਾਰਤ 'ਚ ਮਨੁੱਖ ਦੀ ਗਲਤੀ ਕਰਕੇ ਲੱਖ-ਕਰੋੜਾਂ ਦੀ ਗਿਣਤੀ ਜੀਵ-ਜੰਤੂ ਮੌਤ ਦੇ ਮੂੰਹ 'ਚ ਚਲੇ ਗਏ। ਰਿਪੋਰਟ ਮੁਤਾਬਿਕ ਉੱਤਰ ਭਾਰਤ 'ਚ ਜੰਮੂ-ਕਸ਼ਮੀਰ 'ਚ ਅਕਤੂਬਰ 2019 'ਚ ਪੇਵ ਦਾ ਤਲਾਬ 'ਚ ਸੈਂਕੜੇ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ। 5 ਜੁਲਾਈ ਨੂੰ ਹਿਮਾਚਲ ਦੇ ਨਾਲਾਗੜ੍ਹ ਦੇ ਇੰਡਸਟ੍ਰੀਅਲ ਏਰੀਏ 'ਚੋਂ ਲੰਘਦੀ ਨਾਲਾਗੜ੍ਹ ਨਦੀ 'ਚ ਹਜ਼ਾਰਾਂ ਦੀ ਗਿਣਤੀ 'ਚ ਮਰੀਆਂ ਹੋਈਆਂ ਮੱਛੀਆਂ ਮਿਲੀਆਂ। ਸਥਾਨਕ ਲੋਕਾਂ ਨੇ ਇਸ ਲਈ ਉਦਯੋਗਿਕ ਇਕਾਈਆਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ। ਰੋਪੜ ਦੇ ਪਿੰਡ ਚੱਕ ਧੀਰ 'ਚ 4 ਅਪ੍ਰੈਲ ਨੂੰ ਇੱਕ ਨਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ ਮਰੀਆਂ ਹੋਈਆਂ ਮੱਛੀਆਂ ਦੇਖੀਆਂ ਗਈਆਂ। ਪਿੰਡ ਦੇ ਲੋਕਾਂ ਨੇ ਸੀਮੈਂਟ ਫੈਕਟਰੀ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਸੀ।

ਇਸ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਦੋ ਪਿੰਡਾਂ 'ਚੋਂ 6 ਟਨ ਦੇ ਕਰੀਬ ਮਰੀਆਂ ਹੋਈਆਂ ਮੱਛੀਆਂ ਮਿਲੀਆਂ। ਹਰਿਆਣਾ ਦੀ ਯਮੁਨਾ ਨਦੀ, ਉੱਤਰ ਪ੍ਰਦੇਸ਼ ਦੀ ਕੀਥਮ ਝੀਲ, ਕਿਆਨੋ ਰੀਵਰ 'ਚੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਮਰੀਆਂ ਹੋਈਆਂ ਮੱਛੀਆਂ ਮਿਲੀਆਂ। ਉਤਰੀ ਪੂਰਬੀ ਭਾਰਤ ਦੇ ਮਨੀਪੁਰ ਦੇ ਕੰਗਲਾਪਟ ਤੇ ਤ੍ਰਿਪੁਰਾ ਦੀ ਰੁਦਰਾ ਸਾਗਰ ਝੀਲ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਜੀਵ-ਜੰਤੂ ਮਰੇ ਹੋਏ ਮਿਲੇ। ਪੂਰਬੀ ਭਾਰਤ ਦੇ ਬਿਹਾਰ ਦੇ ਪੋਖਰ 'ਚ ਕਿਸੇ ਜ਼ਹਿਰੀਲੇ ਪਦਾਰਥ ਕਰਕੇ ਇੱਕ ਲੱਖ ਤੋਂ ਵੱਧ ਮੱਛੀਆਂ ਮਰ ਗਈਆਂ ਸਨ।

ਛੱਤੀਸਗੜ੍ਹ ਦੇ ਰਾਜਨੰਦਗਾਓਂ ਪਿੰਡ, ਝਾਰਖੰਡ ਦੇ ਰਾਂਚੀ ਅਤੇ ਪੱਛਮੀ ਬੰਗਾਲ ਦੀ ਸੰਤਰਾਗੇਛੀ ਝੀਲ 'ਚ ਵੀ ਲੱਖਾਂ ਦੀ ਗਿਣਤੀ 'ਚ ਜੀਵ-ਜੰਤੂ ਮਨੁੱਖ ਦੀ ਗਲਤੀ ਕਰਕੇ ਮਾਰੇ ਗਏ।ਪੱਛਮੀ ਭਾਰਤ 'ਚ ਮੱਧ ਪ੍ਰਦੇਸ਼ 'ਚ ਪੈਂਦੀ ਗੰਭੀਰ ਨਦੀ ਦਾ ਪਾਣੀ ਫੈਕਟਰੀਆਂ ਦੇ ਪ੍ਰਦੂਸ਼ਣ ਕਰਕੇ ਇੰਨਾ ਗੰਧਲਾ ਹੋ ਗਿਆ ਸੀ ਕਿ ਉਸਦਾ ਰੰਗ ਲਾਲ ਹੋ ਗਿਆ, ਜੋ ਪਾਣੀ 'ਚ ਰਹਿਣ ਵਾਲੇ ਲੱਖਾਂ ਜੀਵ-ਜੰਤੂਆਂ ਦੀ ਮੌਤ ਦੀ ਵਜ੍ਹਾ ਬਣ ਗਿਆ।

ਅਜਿਹਾ ਹੀ ਦੁਖਾਂਤ ਮਹਾਰਾਸ਼ਟਰ ਦੀ ਗੋਦਾਵਰੀ ਨਦੀ 'ਚ ਵਾਪਰਿਆ। ਗੁਜਰਾਤ ਦੇ ਸਰਦਾਰ ਸਰੋਵਰ ਡੈਮ, ਸਾਬਰਮਤੀ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਮੱਛੀਆਂ ਮਰ ਗਈਆਂ। ਦੱਖਣ ਭਾਰਤ 'ਚ ਆਧਰਾਂ ਦੀ ਪ੍ਰਦੇਸ਼ ਦੀ ਕ੍ਰਿਸ਼ਨਾ ਨਦੀ, ਤੇਲੰਗਨਾ ਦੀ ਲਾਕਾਰਾਮ ਝੀਲ, ਕਾਵੇਰੀ, ਕਰਨਾਟਕ ਦੀ ਸੀਗਾਹਲੀ ਝੀਲ, ਮੰਗਲੁਰੂ ਦੇ ਰਿਵੁਲੇਟ, ਕੇਰਲਾ ਦੀ ਸਿਟੀ ਰੀਵਰਸ, ਤਾਮਿਲਨਾਡੂ ਦੀ ਤਿਰੁਨੀਰਮਲਾਈ ਝੀਲ, ਸੇਲਵਾ ਚਿੰਨਥਾਮਨੀ ਝੀਲ 'ਚ ਵੀ ਲੱਖਾਂ ਦੀ ਗਿਣਤੀ 'ਚ ਪਾਣੀ ਵਾਲੇ ਜੀਵ ਮਨੁੱਖ ਦੀਆਂ ਲਾਪਰਵਾਹੀ ਤੇ ਗਲਤੀਆਂ ਕਰਕੇ ਮਾਰੇ ਗਏ।

ਕੀ ਕਹਿੰਦਾ ਹੈ ਪਾਣੀ (ਪ੍ਰਦੂਸ਼ਨ ਕੰਟਰੋਲ ਤੇ ਰੋਕ) ਐਕਟ 1974 ?

ਦੇਸ਼ ਦੇ ਜਲ ਸਰੋਤਾਂ ਨੂੰ ਬਚਾਉਣ ਲਈ, ਨਦੀਆਂ, ਖੂਹਾਂ ਦੇ ਪਾਣੀ ਨੂੰ ਗੰਧਲਾ ਤੇ ਜ਼ਹਿਰੀਲਾ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਪਾਣੀ (ਪ੍ਰਦੂਸ਼ਨ ਕੰਟਰੋਲ ਤੇ ਰੋਕ) ਐਕਟ 1974 ਬਣਾਇਆ ਹੈ। ਇਸ ਐਕਟ 'ਚ ਸੂਬਿਆਂ ਨੂੰ ਵੀ ਕਈ ਅਧਿਕਾਰ ਦਿੱਤੇ ਗਏ ਹਨ। ਸੂਬੇ ਨਦੀਆਂ, ਖੂਹਾਂ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਹਲਾਤਾਂ ਮੁਤਾਬਿਕ ਵਿਆਪਕ ਪਲਾਨ ਤਿਆਰ ਕਰ ਸਕਦੇ ਹਨ। ਸਟੇਟ ਵਾਟਰ ਬੋਰਡ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਅਜਿਹੇ ਪਲਾਂਟ, ਉਦਯੋਗਿਕ ਇਕਾਈ ਦੀ ਜਾਂਚ ਕਰ ਸਕਦਾ ਹੈ, ਉਸਦੇ ਸੈਂਪਲ ਭਰ ਸਕਦਾ ਹੈ, ਜੋ ਪਾਣੀ ਨੂੰ ਗੰਧਲਾ ਜਾਂ ਜ਼ਹਿਰੀਲਾ ਕਰ ਰਿਹਾ ਹੈ। ਅਜਿਹੇ ਪਲਾਂਟ ਨੂੰ ਤੁਰੰਤ ਬੰਦ ਕਰਨ ਜਾਂ ਹਟਾਉਣ ਦਾ ਵੀ ਹੁਕਮ ਦੇ ਸਕਦਾ ਹੈ।

ਐਕਟ ਦਾ ਸੈਕਸ਼ਨ 32 ਇਹ ਵੀ ਕਹਿੰਦਾ ਹੈ ਕਿ ਜੇ ਕੋਈ ਪਾਣੀ ਨੂੰ ਗੰਧਲਾ ਜਾਂ ਜ਼ਹਿਰੀਲਾ ਕਰ ਰਿਹਾ ਹੈ ਤਾਂ ਉਸ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ। ਐਕਟ ਦੇ ਸੈਕਸ਼ਨ 24 ਤੇ 43 ਤਹਿਤ ਕਿਸੇ ਵੀ ਵਿਅਕਤੀ ਜਾਂ ਅਦਾਰੇ ਨੂੰ ਪਾਣੀ ਨੂੰ ਗੰਧਲਾ ਜਾਂ ਜ਼ਹਿਰੀਲਾ ਕਰਨ ਦੀ ਇਜਾਜ਼ਤ ਨਹੀਂ ਹੈ। ਜੋ ਵੀ ਕਨੂੰਨ ਦੀ ਉਲੰਘਣਾ ਕਰੇਗਾ ਉਸਨੂੰ ਇੱਕ ਸਾਲ ਤੇ 6 ਮਹੀਨ ਤੋਂ ਲੈ ਕੇ 6 ਸਾਲ ਦੀ ਸਜ਼ਾ ਤੇ ਜ਼ੁਰਮਨਾ ਹੋ ਸਕਦਾ ਹੈ। ਵਾਟਰ ਐਕਟ 1974 ਦਾ ਮੁੱਖ ਮਕਸਦ ਪਾਣੀ ਦਾ ਪ੍ਰਦੂਸ਼ਨ ਰੋਕਣਾ ਹੈ। ਇਸੇ ਐਕਟ ਤਹਿਤ ਹੀ ਪ੍ਰਦੂਸ਼ਨ ਕੰਟਰੋਲ ਬੋਰਡ ਬਣਾਏ ਗਏ ਹਨ। ਦੇਸ਼ ਦੇ ਜਲਸਰੋਤਾਂ ਨੂੰ ਸਿਹਤਮੰਦ ਰੱਖਣਾ ਇਸ ਐਕਟ ਦਾ ਮੁੱਖ ਉਦੇਸ਼ ਹੈ ਅਤੇ ਜੇ ਕੋਈ ਸੂਬਿਆਂ 'ਚ ਜਲ ਸਰੋਤਾਂ ਨੂੰ ਗੰਧਲਾ ਜਾਂ ਜ਼ਹਿਰੀਲਾ ਕਰ ਰਿਹਾ ਹੈ ਤਾਂ ਉਸਨੂੰ ਰੋਕਣਾ ਸਟੇਟ ਵਾਟਰ ਬੋਰਡ ਦੀ ਡਿਊਟੀ ਹੈ।
Published by: Ashish Sharma
First published: August 8, 2020, 8:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading