ਚੰਡੀਗੜ੍ਹ : ਪੰਜਾਬ ਵਿੱਚ 17 ਤੱਕ 75 ਪਿੰਡਾਂ ਵਿੱਚ 75 ਮਿੰਨੀ ਜੰਗਲ ਵਿੱਚ 100,000 ਰੁੱਖ ਲਾਉਣ ਦੀ ਸ਼ੁਰੂਆਤ ਹੋ ਗਈ ਹੈ।ਇਹ ਨੇਕ ਕੰਮ ਰਾਊਂਡਗਲਾਸ ਫ਼ਾਊਂਡੇਸ਼ਨ ਦੀ ਚੱਲ ਰਹੀ ਪਲਾਂਟ ਫ਼ਾਰ ਪੰਜਾਬ ਪਹਿਲਕਦਮੀ ਦਾ ਹਿੱਸਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਰੁੱਖ ਪੰਜਾਬ ਦੇ ਰਿਵਾਇਤੀ ਰੁੱਖ ਹਨ ਜਿਹੜੇ ਕਿ ਸਥਾਨਕ ਜੈਵ ਵਿਭਿੰਨਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨਗੇ। ਰਾਊਂਡਗਲਾਸ ਫ਼ਾਊਂਡੇਸ਼ਨ ਨੇ ਜ਼ਿਲ੍ਹਾ ਮੋਗਾ ਦੇ ਕੋਟ-ਈਸੇ-ਖਾਂ ਬਲਾਕ ਦੇ ਵਿੱਚ ਪਿੰਡ ਕੜਿਆਲ ਵਿੱਚ ਇੱਕ ਮਿੰਨੀ ਜੰਗਲ ਬਣਾ ਕੇ ਆਪਣੇ ਵਣ ਮਹਾਉਤਸਵ ਸਮਾਰੋਹ ਦਾ ਉਦਘਾਟਨ ਕੀਤਾ। ਇਸ ਕੰਮ ਦੀ ਸ਼ੁਰੂਆਤ ਬੀਤੀ ਦੋ ਜੁਲਾਈ ਨੂੰ ਉੱਘੇ ਵਾਤਾਵਰਣ ਪ੍ਰੇਮੀ ਅਤੇ ਪਦਮਸ੍ਰੀ ਪੁਰਸਕਾਰ ਪ੍ਰਾਪਤਕਰਤਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਗਾ ਦੇ ਕੜਿਆਲ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ, “ਵੱਧ ਤੋਂ ਵੱਧ ਰੁੱਖ ਲਗਾਉਣ ਨਾਲ਼ ਮਿੱਟੀ ਦੀ ਪਕੜ ਮਜਬੂਤ ਹੋਵੇਗੀ, ਜਿਸਦਾ ਅਰਥ ਹੈ ਕਿ ਸਾਡੇ ਦਰਿਆਵਾਂ ਵਿੱਚ ਘੱਟ ਪ੍ਰਦੂਸ਼ਣ ਹੋਵੇਗਾ। ਜਲਵਾਯੂ ਪਰਿਵਰਤਨ ਨਾਲ਼ ਲੜਨ ਅਤੇ ਸਾਡੇ ਵਾਤਾਵਰਣ ਨੂੰ ਬਹਾਲ ਕਰਨ ਲਈ, ਸਾਨੂੰ ਪੰਜਾਬ ਭਰ ਵਿੱਚ ਪੌਦੇ ਲਗਾਉਣ ਦੀਆਂ ਅਜਿਹੀਆਂ ਹੋਰ ਮੁਹਿੰਮਾਂ ਚਲਾਉਣ ਦੀ ਲੋੜ ਹੈ।” ਹਾਲ ਹੀ ਦੇ ਸਾਲਾਂ ਵਿੱਚ, ਸੰਤ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਬੀ ਕਾਲੀ ਬੇਨ ਨਦੀ ਦੀ ਸਫ਼ਾਈ ਲਈ ਕੰਮ ਕੀਤਾ ਹੈ ਅਤੇ ਰਾਜ ਵਿੱਚ ਇੱਕ ਨਦੀ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ ਹੈ।
ਪੁਨਰ-ਜੰਗਲੀਕਰਨ ਰੁੱਖਾਂ ਰਾਹੀਂ ਕਾਰਬਨ ਮਾਤਰਾ ਨੂੰ ਵਧਾ ਕੇ ਨਾ ਸਿਰਫ਼ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਬਲਕਿ ਇਹ ਪਾਣੀ ਦਾ ਪੱਧਰ ਠੀਕ ਰੱਖਦਾ ਹੈ, ਭੌਂ-ਖੁਰ ਅਤੇ ਮਾਰੂਥਲੀਕਰਨ ਨੂੰ ਰੋਕਦਾ ਹੈ ਅਤੇ ਜੰਗਲੀ ਜੀਵਾਂ ਦੇ ਨਿਵਾਸ ਸਥਾਨਾਂ ਨੂੰ ਵੀ ਬਹਾਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਮੁਹਿੰਮਾਂ ਰਾਹੀਂ ਸਥਾਨਕ ਭਾਈਚਾਰਿਆਂ ਦੀ ਸਿਹਤ ਅਤੇ ਰੋਜ਼ੀ-ਰੋਟੀ ਵਿੱਚ ਵੀ ਸੁਧਾਰ ਹੁੰਦਾ ਹੈ।
ਵਣ ਮਹਾਉਤਸਵ ਦੇ ਹਿੱਸੇ ਵਜੋਂ, ਫ਼ਾਊਂਡੇਸ਼ਨ ਚਾਰ ਜ਼ਿਲ੍ਹਿਆਂ - ਸੰਗਰੂਰ, ਫਰੀਦਕੋਟ, ਮੋਹਾਲੀ ਅਤੇ ਮੋਗਾ ਵਿੱਚ ਬੂਟੇ ਲਗਾਉਣ ਦੇ ਸਮਾਗਮਾਂ ਅਤੇ ਮੁਹਿੰਮਾਂ ਦੀ ਮੇਜ਼ਬਾਨੀ ਕਰ ਰਹੀ ਹੈ। ਰਾਊਂਡਗਲਾਸ ਫ਼ਾਊਂਡੇਸ਼ਨ ਦੇ ਲੀਡਰ ਵਿਸ਼ਾਲ ਚਾਵਲਾ ਨੇ ਰੁੱਖ ਲਗਾਉਣ ਦੀ ਮੁਹਿੰਮ ਲਈ ਸਮਰਥਨ ਦੇਣ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।
“ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰ, ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਸਾਡੀਆਂ ਬੂਟੇ ਲਗਾਉਣ ਦੀਆਂ ਮੁਹਿੰਮਾਂ ਵਿੱਚ ਵਧ ਚੜ੍ਹ ਕੇ ਸਾਡਾ ਸਾਥ ਦਿੱਤਾ ਹੈ। ਸਾਡਾ ਟੀਚਾ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦਾ ਹੈ ਤਾਂ ਜੋ ਇਸ ਦੇ ਜੰਗਲਾਤ ਖੇਤਰ ਨੂੰ ਬਹਾਲ ਕੀਤਾ ਜਾ ਸਕੇ। ਪਲਾਂਟ ਫ਼ਾਰ ਪੰਜਾਬ ਪਹਿਲਕਦਮੀ ਤਹਿਤ ਹੁਣ ਤੱਕ ਅਸੀਂ ਪੰਜਾਬ ਵਿੱਚ 700,000 ਰੁੱਖ ਲਗਾ ਚੁੱਕੇ ਹਾਂ।”
ਇਸ ਪਹਿਲਕਦਮੀ ਬਾਰੇ ਵਿਸਥਾਰ ਵਿੱਚ ਦੱਸਦਿਆਂ, ਚਾਵਲਾ ਨੇ ਅੱਗੇ ਕਿਹਾ: “ਰਾਊਂਡਗਲਾਸ ਫ਼ਾਊਂਡੇਸ਼ਨ ਵਿਖੇ ਅਸੀਂ ਪੰਚਾਇਤਾਂ, ਭਾਈਚਾਰਿਆਂ, ਯੂਥ ਕਲੱਬਾਂ ਅਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਪੰਜਾਬ ਦੀ ਹਰਿਆਲੀ ਨੂੰ ਬਹਾਲ ਕਰਨ ਲਈ ਜ਼ਿੰਮੇਵਾਰ ਅਤੇ ਟਿਕਾਊ ਸਿਸਟਮ ਲਗਾਉਂਦੇ ਹਾਂ। ਇਸ ਪਹਿਲਕਦਮੀ ਦੇ ਤਹਿਤ ਪੰਜਾਬ ਦੇ ਦੇਸੀ ਰੁੱਖ ਜਿਵੇਂ ਕਿ ਵਣ, ਪੀਲੂ, ਰੋਹੇੜਾ, ਦੇਸੀ ਬੇਰੀ, ਰੇੜੂ ਆਦਿ ਲਗਾਏ ਜਾਂਦੇ ਹਨ, ਅਜਿਹੇ ਰੁੱਖ ਜਿਹੜੇ ਕਿ ਅਲੋਪ ਹੋਣ ਦੀ ਕਗਾਰ ’ਤੇ ਹਨ। ਇਸ ਪਹਿਲਕਦਮੀ ਤੋਂ ਪ੍ਰੇਰਿਤ ਹੋ ਕੇ, ਪਿਛਲੇ ਸਾਲ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲਗਭਗ 70 ਕਿਸਾਨਾਂ ਨੇ ਰਾਊਂਡਗਲਾਸ ਫ਼ਾਊਂਡੇਸ਼ਨ ਦੀ ਮਦਦ ਨਾਲ਼ ਆਪਣੇ ਖੇਤਾਂ ’ਤੇ ਮਿੰਨੀ-ਜੰਗਲ ਬਣਾਏ ਹਨ।”
ਵਣ ਮਹਾਉਤਸਵ ਰੁੱਖ ਲਗਾਉਣ ਦਾ ਇੱਕ ਸਲਾਨਾ ਤਿਉਹਾਰ ਹੈ, ਜਿਸਦੀ ਸ਼ੁਰੂਆਤ ਇੱਕ ਸਿਵਲ ਸੇਵਕ ਅਤੇ ਬਨਸਪਤੀ ਵਿਗਿਆਨੀ ਐਮ.ਐਸ. ਰੰਧਾਵਾ ਦੁਆਰਾ 1947 ਵਿੱਚ ਕੀਤੀ ਗਈ ਸੀ। ਉਦੋਂ ਤੋਂ ਹੀ ਵਣ ਮਹਾਉਤਸਵ ਮਨਾਉਣ ਅਤੇ ਰੁੱਖ ਲਗਾਉਣ ਦੀ ਪਰੰਪਰਾ ਜਾਰੀ ਹੈ। ਇਸ ਤਿਉਹਾਰ ਦੀ ਮੇਜ਼ਬਾਨੀ ਪੂਰੇ ਭਾਰਤ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ। ਇਸ ਵੇਲੇ ਮਾਨਸੂਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਮਿੱਟੀ ਵਿੱਚ ਪੌਦੇ ਦੇ ਵਾਧੇ ਵਿਕਾਸ ਲਈ ਉਚਿਤ ਮਾਤਰਾ ਵਿੱਚ ਪਾਣੀ ਹੁੰਦਾ ਹੈ।
2018 ਵਿੱਚ ਰਾਊਂਡਗਲਾਸ ਫ਼ਾਊਂਡੇਸ਼ਨ ਨੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਨਿਵੇਸ਼ ਕਰਕੇ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ ਸੀ। ਫਾਊਂਡੇਸ਼ਨ ਬੱਚਿਆਂ, ਜਵਾਨਾਂ, ਔਰਤਾਂ, ਅਤੇ ਵਾਤਾਵਰਣ ਦੇ ਵਿਕਾਸ ਲਈ ਅਤੇ ਇੱਕ ਸੁਹਣੇ ਪੰਜਾਬ ਦੀ ਉਸਾਰੀ ਲਈ ਵਚਨਬੱਧ ਹੈ।
ਪਿਛਲੇ ਚਾਰ ਸਾਲਾਂ ਦੌਰਾਨ, ਰਾਊਂਡਗਲਾਸ ਫ਼ਾਊਂਡੇਸ਼ਨ ਨੇ ਆਪਣੇ ਪ੍ਰੋਗਰਾਮਾਂ (1) ਲਰਨ ਪੰਜਾਬ: ਜੋ ਬੱਚਿਆਂ ਅਤੇ ਜਵਾਨਾਂ ਦੀ ਪੜ੍ਹਾਈ ਅਤੇ ਖੇਡਾਂ ਸਬੰਧੀ ਕੰਮ ਕਰਦਾ ਹੈ, (2) ਹਰ ਪੰਜਾਬ: ਜੋ ਔਰਤਾਂ ਦੇ ਵਿਕਾਸ ਲਈ ਕੰਮ ਕਰਦਾ ਹੈ, (3) ਸਸਟੇਨ ਪੰਜਾਬ: ਜੋ ਬੂਟੇ ਲਗਾਉਣ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਮੁੜ ਪੈਦਾਵਾਰ ਵਾਲੀ ਖੇਤੀ ਸਬੰਧੀ ਕੰਮ ਕਰਦਾ ਹੈ, ਰਾਹੀਂ 1100 ਪਿੰਡਾਂ ਵਿੱਚ 10 ਲੱਖ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ।
ਰਾਊਂਡਗਲਾਸ ਇੱਕ ਗਲੋਬਲ ਹੋਲਿਸਟਿਕ ਵੈਲਬੀਇੰਗ ਕੰਪਨੀ ਹੈ ਜੋ ਲੋਕਾਂ ਦਾ ਨੂੰ ਤੰਦਰੁਸਤ ਰੱਖਣ ਅਤੇ ਉਨ੍ਹਾਂ ਦਾ ਸ਼ਕਤੀਕਰਨ ਕਰਨ ਲਈ ਸਮਰਪਿਤ ਹੈ। ਸਾਡਾ ਮਿਸ਼ਨ ਸਧਾਰਨ ਪਰ ਅਭਿਲਾਸ਼ੀ ਹੈ: ਇੱਕ ਖੁਸ਼ਹਾਲ, ਸਿਹਤਮੰਦ, ਅਤੇ ਵਧੇਰੇ ਅਨੰਦਮਈ ਸੰਸਾਰ ਦੀ ਉਸਾਰੀ ਲਈ ਸੰਪੂਰਨ ਤੰਦਰੁਸਤੀ ਦੀ ਸ਼ਕਤੀ ਨੂੰ ਪ੍ਰੇਰਿਤ ਕਰਨਾ। ਅਸੀਂ ਨਵੀਂ ਟੈਕਨਾਲੋਜੀ ਵਿੱਚ ਨਿਵੇਸ਼ ਅਤੇ ਵਿਕਾਸ ਕਰਕੇ, ਗਿਆਨ ਸਾਂਝਾ ਕਰਕੇ, ਵਿਅਕਤੀਗਤ, ਭਾਈਚਾਰਕ ਭਲਾਈ ਦੇ ਕੰਮ ਕਰਕੇ ਇਸਨੂੰ ਪ੍ਰਾਪਤ ਕਰਨ ਲਈ ਉੱਦਮ ਕਰਦੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Plantation, Tree