Home /News /punjab /

ਕੋਈ ਵੀ ਹਮਲਾ ਮੈਨੂੰ ਪੰਥਕ ਹਿਤਾਂ ਦੀ ਡੱਟ ਕੇ ਪਹਿਰੇਦਾਰੀ ਤੋਂ ਥਿੜਕਾ ਨਹੀਂ ਸਕਦਾ: ਐਡਵੋਕੇਟ ਧਾਮੀ

ਕੋਈ ਵੀ ਹਮਲਾ ਮੈਨੂੰ ਪੰਥਕ ਹਿਤਾਂ ਦੀ ਡੱਟ ਕੇ ਪਹਿਰੇਦਾਰੀ ਤੋਂ ਥਿੜਕਾ ਨਹੀਂ ਸਕਦਾ: ਐਡਵੋਕੇਟ ਧਾਮੀ

 (ਫਾਈਲ ਫੋਟੋ)

(ਫਾਈਲ ਫੋਟੋ)

ਹਮਲੇ ਲਈ ਸਰਕਾਰ ਤੇ ਏਜੰਸੀਆਂ ਨੂੰ ਦੱਸਿਆ ਜ਼ਿੰਮੇਵਾਰ

  • Share this:

ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਹੱਦ ‘ਤੇ ਲੱਗੇ ਕੌਮੀ ਇਨਸਾਫ ਮੋਰਚੇ ਵਿਚ ਅੱਜ ਆਪਣੇ ‘ਤੇ ਹੋਏ ਹਮਲੇ ਲਈ ਸਰਕਾਰ ਤੇ ਏਜੰਸੀਆਂ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਇਹ ਹਮਲਾ ਪੰਥਕ ਏਕਤਾ ਹੋਣੋਂ ਰੋਕਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਸਾਬੋਤਾਜ ਕਰਨ ਲਈ ਕਰਵਾਇਆ ਗਿਆ ਹੈ।

ਚੰਡੀਗੜ੍ਹ ਦੇ ਸੈਕਟਰ-5 ਵਿਚ ਸਥਿਤ ਸ਼੍ਰੋਮਣੀ ਕਮੇਟੀ ਦੇ ਉੱਪ-ਦਫਤਰ ਵਿਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖਾਂ ਦੇ ਕੌਮੀ ਮਸਲਿਆਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ ਅਤੇ ਕੋਈ ਵੀ ਹਮਲਾ ਉਨ੍ਹਾਂ ਨੂੰ ਆਪਣੇ ਸਿਧਾਂਤਾਂ ਅਤੇ ਕੌਮੀ ਫਰਜਾਂ ਤੋਂ ਡੋਲਾ ਨਹੀਂ ਸਕਦਾ। ਉਨ੍ਹਾਂ ਦੱਸਿਆ ਕਿ ਕੌਮੀ ਇਨਸਾਫ ਮੋਰਚਾ ਦੇ ਪ੍ਰਬੰਧਕਾਂ ਵਿਚੋਂ ਕੁਝ ਜ਼ਿੰਮੇਵਾਰ ਵਿਅਕਤੀ ਉਨ੍ਹਾਂ ਦੇ ਘਰ ਆ ਕੇ ਮੋਰਚੇ ਵਿਚ ਸ਼ਮੂਲੀਅਤ ਲਈ ਸੱਦਾ ਦੇ ਕੇ ਆਏ ਸਨ, ਜਿਸ ‘ਤੇ ਉਹ ਅੱਜ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਮੋਰਚੇ ਵਿਚ ਸ਼ਮੂਲੀਅਤ ਕਰਨ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਮੋਰਚੇ ਤੋਂ ਵਾਪਸੀ ਸਮੇਂ ਕੁਝ ਹੁੱਲੜਬਾਜ਼ ਬਿਰਤੀ ਵਾਲੇ ਲੋਕਾਂ ਨੇ ਉਨ੍ਹਾਂ ‘ਤੇ ਹਮਲੇ ਦੀ ਨੀਅਤ ਨਾਲ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ।


ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਤੋਂ ਹੀ ਸਰਗਰਮ ਹੈ ਅਤੇ ਦਸਤਖਤੀ ਮੁਹਿੰਮ ਰਾਹੀਂ ਹੁਣ ਤੱਕ ਦਸ ਲੱਖ ਤੋਂ ਵੱਧ ਦਸਤਖਤੀ ਫਾਰਮ ਭਰਵਾਏ ਜਾ ਚੁੱਕੇ ਹਨ ਅਤੇ ਫਰਵਰੀ ਦੇ ਪਹਿਲੇ ਹਫਤੇ ਇਹ ਫਾਰਮ ਲੈ ਕੇ ਸ਼੍ਰੋਮਣੀ ਕਮੇਟੀ ਪੰਜਾਬ ਦੇ ਰਾਜਪਾਲ ਰਾਹੀਂ ਰਾਸ਼ਟਰਪਤੀ ਕੋਲ ਸਿੱਖ ਭਾਵਨਾਵਾਂ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਉਨ੍ਹਾਂ ਪਹਿਲੇ ਦਿਨ ਤੋਂ ਹੀ ਸ਼ਲਾਘਾ ਕੀਤੀ ਸੀ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਏਕਤਾ ਦਾ ਆਧਾਰ ਬਣ ਸਕੇ। ਉਨ੍ਹਾਂ ਕਿਹਾ ਕਿ ਇਹ ਗੱਲ ਪ੍ਰਚਲਿਤ ਹੈ ਕਿ ਜਦੋਂ-ਜਦੋਂ ਵੀ ਸਿੱਖ ਆਪਣੇ ਕੌਮੀ ਤੇ ਪੰਥਕ ਮੁੱਦਿਆਂ ਪ੍ਰਤੀ ਸੰਜੀਦਾ ਹੁੰਦੇ ਹਨ ਅਤੇ ਸ਼੍ਰੋਮਣੀ ਕਮੇਟੀ ਸਿੱਖ ਹਿਤਾਂ ਦੀ ਪੈਰਵੀ ਲਈ ਵਧੇਰੇ ਸਰਗਰਮੀ ਫੜਦੀ ਹੈ ਤਾਂ ਪੰਥ ਵਿਚ ਦੁਫਾੜ ਪਾਉਣ ਲਈ ਪੰਥ ਵਿਰੋਧੀਆਂ ਵਲੋਂ ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਅਤੇ ਏਜੰਸੀਆਂ ਜ਼ਿੰਮੇਵਾਰ ਤਾਂ ਹਨ ਹੀ ਇਸ ਦੇ ਨਾਲ ਕਾਨੂੰਨ ਤੇ ਪੁਲਿਸ ਦੀ ਅਸਫਲਤਾ ਵੀ ਸਾਹਮਣੇ ਆਈ ਹੈ।


ਉਨ੍ਹਾਂ ਸਪੱਸ਼ਟ ਕੀਤਾ ਕਿ ਹਮਲੇ ਦਾ ਜਵਾਬ ਦੇਣ ਦੇ ਉਹ ਵੀ ਸਮਰੱਥ ਸਨ, ਕਿਉਂਕਿ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ, ਪਰ ਉਨ੍ਹਾਂ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਸਮਝਦਿਆਂ ਭਰਾ-ਮਾਰੂ ਜੰਗ ਨਹੀਂ ਹੋਣ ਦਿੱਤੀ। ਉਨ੍ਹਾਂ ਅੱਜ ਦੀ ਘਟਨਾ ਲਈ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮਲਾਵਰਾਂ ਖਿਲਾਫ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਕਰਨ ਜਾ ਰਹੀ, ਸਗੋਂ ਇਹ ਕੰਮ ਮੋਰਚੇ ਦੇ ਪ੍ਰਬੰਧਕਾਂ ਦਾ ਹੈ, ਕਿਉਂਕਿ ਕੌਮੀ ਇਨਸਾਫ ਮੋਰਚੇ ਵਿਚ ਉਹ ਉਥੋਂ ਦੇ ਪ੍ਰਬੰਧਕਾਂ ਦੇ ਸੱਦੇ ‘ਤੇ ਹੀ ਗਏ ਸਨ।

Published by:Ashish Sharma
First published:

Tags: Advocate, Amritsar, Dhami, SGPC