ਆਜਾਦੀ ਤੋਂ 73 ਸਾਲ ਬਾਅਦ ‘ਬਾਊਪੁਰ ਟਾਪੂ’ ਪੁਲ ਰਾਹੀਂ ਧਰਤੀ ਨਾਲ ਜੁੜਿਆ

News18 Punjabi | News18 Punjab
Updated: December 23, 2020, 4:25 PM IST
share image
ਆਜਾਦੀ ਤੋਂ 73 ਸਾਲ ਬਾਅਦ ‘ਬਾਊਪੁਰ ਟਾਪੂ’ ਪੁਲ ਰਾਹੀਂ ਧਰਤੀ ਨਾਲ ਜੁੜਿਆ
ਆਜਾਦੀ ਤੋਂ 73 ਸਾਲ ਬਾਅਦ ‘ਬਾਊਪੁਰ ਟਾਪੂ’ ਪੁਲ ਰਾਹੀਂ ਧਰਤੀ ਨਾਲ ਜੁੜਿਆ

  • Share this:
  • Facebook share img
  • Twitter share img
  • Linkedin share img
ਸੁਲਤਾਨਪੁਰ ਲੋਧੀ: ਪੰਜਾਬੀ ਦੇ ਅਖਾਣ ਮੁਤਾਬਿਕ ਰੂੜੀ ਦੀ ਵੀ ਬਾਰਾਂ ਸਾਲ ਬਾਅਦ ਸੁਣੀ ਜਾਂਦੀ ਹੈ ਪਰ ਸੁਲਤਾਨਪੁਰ ਲੋਧੀ ਦੇ ਮੰਡ ਵਿਚਲੇ 16 ਪਿੰਡਾਂ ਦੀ ਅਜਾਦੀ ਤੋਂ 73 ਸਾਲ ਬਾਅਦ ਸੁਣੀ ਗਈ ਹੈ। ਦਹਾਕਿਆਂ ਤੋਂ ਮੁੱਖ ਧਰਤੀ ਨਾਲ ਸਿੱਧਾ ਸੰਪਰਕ ਵੇਖਣ ਦੀ ਤਾਂਘ ਰੱਖਣ ਵਾਲੇ ‘ਬਾਊਪੁਰ ਟਾਪੂ’ ਦੇ ਨਾਮ ਨਾਲ ਜਾਂਦੇ 16 ਪਿੰਡਾਂ ਦੇ ਵਸਨੀਕਾਂ ਲਈ ਅੱਜ ਦਾ ਦਿਨ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 2018 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ, ਜਿਸਦਾ ਉਦਘਾਟਨ ਅੱਜ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ ਕੀਤਾ ਗਿਆ। 11 ਕਰੋੜ 19 ਲੱਖ ਰੁਪੈ  ਦੀ ਲਾਗਤ ਨਾਲ ਤਿਆਰ 180 ਮੀਟਰ ਲੰਬਾ ਪੁਲ ਸ਼ੁਰੂ ਹੋਣ ਨਾਲ  16 ਪਿੰਡਾਂ ਦੇ 7000 ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਉਦਘਾਟਨ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ‘ਜਦ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਇਹ ਪੁਲ ਤਿਆਰ ਵੀ ਹੋਵੇਗਾ ਕਿਉਂਕਿ  ਸਾਲ 2011 ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦੌਰਾਨ ਵੱਖ ਵੱਖ ਪੁਲਾਂ ਦੇ ਦੋ ਵਾਰ ਨੀਂਹ ਪੱਥਰ ਰੱਖੇ ਗਏ ਪਰ ਕੰਮ ਸ਼ੁਰੂ ਨਾ ਹੋਇਆ। ਕਾਂਗਰਸ ਸਰਕਾਰ ਵਲੋਂ ਇਸ ਪੁਲ ਨੂੰ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਵਾਇਆ ਗਿਆ ਹੈ ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰਪੁਰਬ ਮੌਕੇ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ ਮੁਕੰਮਲ ਹੋ ਗਏ ਹਨ ਜਿਸ ਨਾਲ ਨਾ ਸਿਰਫ ਸੁਲਤਾਨਪੁਰ ਵਿਸ਼ਵ ਦੇ ਸੈਰ ਸਪਾਟੇ ਨਕਸ਼ੇ ’ਤੇ ਆ ਗਿਆ ਹੈ ਸਗੋਂ ਪਿੰਡਾਂ ਦੀ ਨੁਹਾਰ ਵੀ ਬਦਲ ਰਹੀ ਹੈ।

ਪਿੰਡ ਬਾਊਪੁਰ ਜਦੀਦ, ਬਾਊਪੁਰ ਕਦੀਮ, ਸੰਗਾੜਾ, ਮੰਗ ਮੁਬਾਰਕਪੁਰ, ਰਾਮਪੁਰ ਗੌੜਾ, ਭੈਣੀ ਕਾਦਰ ਬਖਸ਼, ਮੰਡ ਸੰਗੜਾ, ਕਿਸ਼ਨਪੁਰ ਗਟਕਾ, ਮੁਹੰਮਦਾਬਾਦ, ਭੈਣੀ ਬਹਾਦੁਰ, ਮੰਡ ਢੂੰਡਾ, ਮੰਡ ਭੀਮ ਜਦੀਦ ਅਤੇ ਪਿੰਡ ਆਲਮ ਖਾਨਵਾਲਾ ਇਸ ਤੋਂ ਪਹਿਲਾਂ ਪੰਨਟੂਨ ਪੁਲ ਰਾਹੀਂ ਜੁੜੇ ਹੋਏ ਸਨ ।

ਪਿੰਡ ਵਾਸੀਆਂ ਦੱਸਿਆ ਕਿ ਉਹ ਸਮਾਜਿਕ ਤੌਰ ’ਤੇ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਸਨ ਅਤੇ ਹਾਲਾਤ ਇੱਥੋਂ ਤੱਕ ਨਿੱਘਰ ਗਏ ਸਨ ਕਿ ਕੋਈ ਉਨ੍ਹਾਂ ਦੇ ਪਿੰਡਾਂ ਵਿਚ ਰਿਸ਼ਤਾ ਵੀ ਨਹੀਂ ਸੀ ਕਰਦਾ। ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ, ਸਿਹਤ ਸੇਵਾਵਾਂ ਤੇ ਕਿਸਾਨਾਂ ਨੂੰ ਫਸਲ ਬੀਜਣ, ਮੰਡੀ ਤੱਕ ਲਿਜਾਣ ਵਿਚ ਵੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ । ਉਹ ਦੱਸਦੇ ਹਨ ਕਿ ‘ਕਈ ਔਰਤਾਂ ਨੇ ਬੱਚੇ ਦੇ ਜਨਮ ਸਮੇਂ ਹਸਪਤਾਲ ਨਾ ਜਾ ਸਕਣ ਕਰਕੇ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ ।

ਬਹੁਤ ਸਾਰੇ ਵਿਦਿਆਰਥੀਆਂ ਨੇ ਸਕੂਲ ਇਸ ਕਰਕੇ ਛੱਡ ਦਿੱਤਾ ਕਿ ਉਹ ਸਵੇਰ ਦੇ ਸਮੇਂ ਕਿਸ਼ਤੀਆਂ ਦਾ ਇੰਤਜ਼ਾਰ ਨਹੀਂ ਕਰ ਸਕਦੇ ਸਨ। ਸਰਕਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਪਿੰਡਾਂ ਦੀ ਦਰਿਆ ਦੇ ਪਰਲੇ ਪਾਸੇ 30,000 ਏਕੜ ਜਮੀਨ ਹੈ, ਜਿਸ ਉੱੰਪਰ ਹੁਣ ਆਸਾਨੀ ਨਾਲ ਖੇਤੀ ਹੋ ਸਕੇਗੀ।

ਇਸ ਮੌਕੇ ਐਸ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਮੋਗਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ , ਐਸ ਡੀ ਐਮ ਡਾ. ਚਾਰੂਮਿਤਾ, ਡੀ ਐਸ ਪੀ ਸਰਵਣ ਸਿੰਘ, ਐਸ ਡੀ ਓ. ਬਲਬੀਰ ਸਿੰਘ. ਬੀ ਡੀ ਪੀ ਓ ਗੁਰਪ੍ਰਤਾਪ ਸਿੰਘ ਤੇ ਪਿੰਡਾਂ ਦੇ ਸਰਪੰਚ- ਪੰਚ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
Published by: Gurwinder Singh
First published: December 23, 2020, 4:25 PM IST
ਹੋਰ ਪੜ੍ਹੋ
ਅਗਲੀ ਖ਼ਬਰ