ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਕਿਸਾਨ ਯੂਨੀਅਨਾਂ ਉਤੇ ਬੋਲੇ ਹਮਲੇ ਨੂੰ ਲੈ ਕੇ ਕਿਸਾਨ ਕਾਫੀ ਖਫ਼ਾ ਹਨ। ਇਥੋਂ ਤੱਕ ਕੇ ਸਿਆਸੀ ਧਿਰਾਂ ਨੇ ਵੀ ਮੁੱਖ ਮੰਤਰੀ ਨੂੰ ਘੇਰ ਲਿਆ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਮਗਰੋਂ ਕਿਹਾ ਸੀ ਕਿ ਸੂਬੇ ਵਿਚ ਕਿਸਾਨਾਂ ਦੇ ਧਰਨਿਆਂ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸੜਕਾਂ ਉਤੇ ਧਰਨੇ ਲਾਉਣ ਦੀ ਥਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਹਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਹੈ ਕਿ ਕਿਸਾਨ ਪਿੱਛੇ ਨਹੀਂ ਹਟਣਗੇ, ਉਹ ਮਰਨ ਵਰਤ ਉਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾਅ ਖੇਡਣਾ ਜਾਣਦੀ ਹੈ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ। ਸਰਕਾਰ ਨੇ ਵੱਡਾ ਧੋਖਾ ਕੀਤਾ ਹੈ।
ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਨੂੰ ਧਰਨੇ ਦੇਣ ਦਾ ਕੋਈ ਚਾਅ ਨਹੀਂ ਹੈ ਅਤੇ ਜੇਕਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰੇ ਤਾਂ ਕਿਸਾਨਾਂ ਨੂੰ ਧਰਨੇ ਦੇਣ ਦੀ ਲੋੜ ਹੀ ਨਹੀਂ ਪਵੇਗੀ।
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਧਿਰਾਂ ਤਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਆਖ ਰਹੀਆਂ ਹਨ, ਇਸ ਵਾਸਤੇ ਮੁੱਖ ਮੰਤਰੀ ਫ਼ੌਰੀ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਨੋਟੀਫ਼ਿਕੇਸ਼ਨ ਜਾਰੀ ਕਰਨ। ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੀ ਮੁੱਖ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੁਝ ਕਿਸਾਨ ਧਿਰਾਂ ਦਾ ਧਰਨਾ ਲਾਉਣਾ ਗ਼ਲਤ ਨਹੀਂ ਬਲਕਿ ਉਨ੍ਹਾਂ ਦਾ ਤਰੀਕਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਹੈ।ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ ਲੋਕਾਂ ਨੂੰ ਕਿਸਾਨ ਯੂਨੀਅਨਾਂ ਦੇ ਖ਼ਿਲਾਫ਼ ਭੜਕਾਉਣ ਦੀ ਸਾਜ਼ਿਸ਼ ਹੈ ਅਤੇ ਇੱਕ ਜ਼ਿੰਮੇਵਾਰੀ ਵਾਲੀ ਕੁਰਸੀ ’ਤੇ ਬੈਠ ਕੇ ਅਜਿਹੇ ਬਿਆਨ ਦੇਣੇ ਕਿਸੇ ਪੱਖੋਂ ਜਾਇਜ਼ ਨਹੀਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Farmers Protest, Kisan, Kisan andolan