ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਸਰਾਰੀ ਦੇ ਅਸਤੀਫੇ ਤੋਂ ਬਾਅਦ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ: ਬਲਬੀਰ ਸਿੰਘ ਨਵੇਂ ਮੰਤਰੀ ਬਣ ਸਕਦੇ ਹਨ। ਦੱਸ ਦਈਏ ਕਿ ਡਾ: ਬਲਬੀਰ ਸਿੰਘ ਦਾ ਜਨਮ ਨਵਾਂਸ਼ਹਿਰ ਨੇੜਲੇ ਪਿੰਡ ਭੌਰਾ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਪਿੰਡ ਦੇ ਇੱਕ ਸਕੂਲ ਵਿੱਚ ਪੜ੍ਹਾਈ ਜਿੱਥੇ ਬਿਜਲੀ ਨਹੀਂ ਸੀ। ਉਹ ਅੱਖਾਂ ਦਾ ਮਸ਼ਹੂਰ ਸਰਜਨ ਬਣੇ। ਉਨ੍ਹਾਂ ਨੇ 40 ਸਾਲਾਂ ਤੋਂ ਸਿਹਤ ਖੇਤਰ ਵਿੱਚ ਯੋਗਦਾਨ ਪਾਇਆ ਅਤੇ 40% ਮਰੀਜ਼ਾਂ ਦਾ ਮੁਫਤ ਇਲਾਜ ਕੀਤਾ। ਡਾ. ਬਲਬੀਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਵੀ ਡਾਕਟਰੀ ਸੇਵਾ ਦਾ ਲੰਗਰ ਲਾਇਆ ਸੀ। ਵਾਤਾਵਰਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਰਾਜ ਪੱਧਰ 'ਤੇ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਡਾ: ਬਲਬੀਰ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਡਾ: ਬਲਬੀਰ 2018 ਵਿਚ ਪਾਰਟੀ ਦੇ ਸਹਿ-ਪ੍ਰਧਾਨ ਵੀ ਰਹਿ ਚੁੱਕੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 50000 ਦੇ ਫਰਕ ਨਾਲ ਚੋਣ ਜਿੱਤੀ ਸੀ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਛੱਡਣਾ ਪਿਆ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਦੀ ਸੰਭਾਵਨਾ ਹੈ। ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਹਨ ਅਤੇ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ, ਫੌਜਾ ਸਿੰਘ ਦੇ ਅਸਤੀਫੇ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵਿੱਚ ਮੰਤਰੀ ਬਣਨ ਲਈ ਨਵੇਂ ਚਿਹਰਿਆਂ ਨੂੰ ਮੌਕਾ ਦੇ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ 5 ਵਜੇ ਤੱਕ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰ ਸਕਦੇ ਹਨ ਅਤੇ ਨਵੇਂ ਮੰਤਰੀਆਂ ਨੂੰ ਰਾਜ ਭਵਨ ਵਿਖੇ ਸਾਦੇ ਸਮਾਗਮ ਦੌਰਾਨ ਸਹੁੰ ਚੁਕਾਈ ਜਾ ਸਕਦੀ ਹੈ। ਸਰਾਰੀ ਦੀ ਥਾਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਚਰਚਾ ਹੈ। ਭਗਵੰਤ ਮਾਨ ਦੀ ਕੈਬਨਿਟ ਵਿੱਚ ਹੁਣ ਕੁੱਲ 4 ਅਸਾਮੀਆਂ ਖਾਲੀ ਹਨ। ਸੂਤਰਾਂ ਦੀ ਮੰਨੀਏ ਤਾਂ ਬਲਬੀਰ ਸਿੰਘ ਨੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਆਪ ਨੂੰ ਮੰਤਰੀ ਮੰਡਲ ਵਿੱਚ ਮੌਕਾ ਦੇਣ ਲਈ ਧੰਨਵਾਦ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Dr. Balbir Singh, Fauja singh, Punjab Cabinet, Punjab Cabinet Minister, Punjab government