ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੈਕਟਰ 28 ਸਥਿਤ ਦਫ਼ਤਰ ਵਿਖੇ ਕੋਰ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ। ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਚੰਗੇ ਉਛਾਲ ਨਾਲ ਵਾਪਸ ਪਰਤੇਗੀ। ਬਾਦਲ ਨੇ ਕਿਹਾ ਕਿ ਪਹਿਲਾਂ ਵੀ ਪਾਰਟੀ ਵਿੱਚ ਕਈ ਵਾਰ ਮੁਸੀਬਤਾਂ ਆਈਆਂ। ਸਿਆਸਤ ਵਿੱਚ ਤੂਫਾਨ ਆਉਂਦੇ ਰਹਿੰਦੇ ਹਨ ਤੇ ਹਾਰ ਜਿੱਤ ਵੀ ਚਲਦੀ ਰਹਿੰਦੀ ਹੈ।
ਇਸ ਦੌਰਾਨ ਬਾਦਲ ਨੂੰ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਦੇ ਖਾਤਮੇ ਨਾਲ ਪੰਥ ਨੂੰ ਕਿਵੇਂ ਖਤਰਾ ਹੋ ਸਕਦਾ ਹੈ, ਤਾਂ ਉਹ ਸਵਾਲ ਨੂੰ ਟਾਲ ਗਏ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਨੌਜਵਾਨ ਬੱਚੇ ਹੋ, ਪੁਰਾਣੀਆਂ ਚੀਜ਼ਾਂ ਤੁਹਾਨੂੰ ਨਹੀਂ ਪਤਾ। ਇਸ ਤੋਂ ਬਾਦਲ ਨੇ ਗੱਲ ਨੂੰ ਹੋਰ ਹੀ ਪਾਸੇ ਤੋਰ ਲਿਆ। ਦੱਸ ਦਈਏ ਕਿ ਬੀਤੇ ਦਿਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ ਅਕਾਲੀ ਦਲ ਦੇ ਖਾਤਮੇ ਨਾਲ ਪੰਥ ਤੇ ਦੇਸ਼ ਨੂੰ ਖਤਰਾ ਹੋ ਸਕਦਾ ਹੈ।
ਬਾਦਲ ਨੇ ਕਿਹਾ ਕਿ “ਸ਼੍ਰੋਮਣੀ ਅਕਾਲੀ ਦਲ ਨੂੰ ਅਤੀਤ ਵਿੱਚ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਇਸ ਤੋਂ ਵੀ ਉਭਰੇਗਾ।” ਬਾਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿਰਧਾਰਤ ਸਮੇਂ ਤੋਂ 10 ਮਿੰਟ ਪਹਿਲਾਂ ਪਹੁੰਚ ਗਏ ਸਨ, ਜਿਸ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵੀ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ 2017 ਵਿਚ 102 ਸਾਲ ਪੁਰਾਣੀ ਪਾਰਟੀ ਮਹਿਜ਼ 15 ਸੀਟਾਂ 'ਤੇ ਸਿਮਟ ਗਈ ਅਤੇ 2022 ਵਿਚ ਸਿਰਫ਼ 3 ਸੀਟਾਂ ਨਾਲ ਹੀ ਅਕਾਲੀ ਦਲ ਨੂੰ ਸਬਰ ਕਰਨਾ ਪਿਆ। ਇਸ ਚੋਣ ਵਿੱਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੁਖਬੀਰ ਬਾਦਲ ਖੁਦ ਜਲਾਲਾਬਾਦ ਤੋਂ ਚੋਣ ਹਾਰ ਗਏ ਅਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਗੜ੍ਹ ਲੰਬੀ ਤੋਂ ਹਾਰ ਗਏ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਦਿੱਗਜ ਵੀ ਚੋਣ ਹਾਰ ਗਏ।
ਅਕਾਲੀ ਦਲ ਦੇ ਜਿਹੜੇ ਤਿੰਨ ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠਾ ਤੋਂ, ਮਨਪ੍ਰੀਤ ਸਿੰਘ ਇਆਲੀ ਦਾਖਾ ਤੋਂ ਅਤੇ ਡਾ: ਸੁਖਵਿੰਦਰ ਸਿੰਘ ਸੁੱਖੀ ਬੰਗਾ ਤੋਂ ਹਨ। ਨਵਾਂਸ਼ਹਿਰ ਤੋਂ ਡਾ: ਨਛੱਤਰ ਪਾਲ ਜਿੱਤਣ ਵਾਲੇ ਬਸਪਾ ਦੇ ਇਕਲੌਤੇ ਉਮੀਦਵਾਰ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।