Home /News /punjab /

ਬਿੱਟੂ ਤੇ ਜ਼ੀਰਾ ਉਪਰ ਹਮਲੇ ਲਈ ਕਿਸਾਨ ਨਹੀਂ ਆਮ ਆਦਮੀ ਪਾਰਟੀ ਜ਼ਿੰਮੇਵਾਰ: ਕੈਪਟਨ

ਬਿੱਟੂ ਤੇ ਜ਼ੀਰਾ ਉਪਰ ਹਮਲੇ ਲਈ ਕਿਸਾਨ ਨਹੀਂ ਆਮ ਆਦਮੀ ਪਾਰਟੀ ਜ਼ਿੰਮੇਵਾਰ: ਕੈਪਟਨ

'ਆਪ' ਵੱਲੋਂ ਕਿਸਾਨਾਂ ਲਈ ਪੁਲਿਸ ਸੁਰੱਖਿਆ ਦੀ ਮੰਗ ‘ਤਰਕਹੀਣ, ਬੇਤੁਕੀ ਤੇ ਕਾਨੂੰਨ ਵਿਰੋਧੀ: ਕੈਪਟਨ

'ਆਪ' ਵੱਲੋਂ ਕਿਸਾਨਾਂ ਲਈ ਪੁਲਿਸ ਸੁਰੱਖਿਆ ਦੀ ਮੰਗ ‘ਤਰਕਹੀਣ, ਬੇਤੁਕੀ ਤੇ ਕਾਨੂੰਨ ਵਿਰੋਧੀ: ਕੈਪਟਨ

 • Share this:
  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਿੰਘੂ ਬਾਰਡਰ ਉਤੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕ ਉਪਰ ਹੋਏ ਹਮਲੇ ਪਿੱਛੇ ਕਿਸਾਨਾਂ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੱਥ ਹੈ ਜਿਨ੍ਹਾਂ ਦਾ ਇਕਨੁਕਾਤੀ ਏਜੰਡਾ ਭਾਜਪਾ ਦੇ ਇਸ਼ਾਰੇ ਉਤੇ ਗੜਬੜ ਪੈਦਾ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜੋਰ ਕਰਨਾ ਹੈ।

  ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਸਰਹੱਦ ਉਤੇ ਬਿਨਾਂ ਕਿਸੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਸੰਸਦ ਨੇੜੇ ਆਪ ਵਰਕਰ ਮੌਜੂਦ ਸਨ ਜਿਨ੍ਹਾਂ ਨੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉਪਰ ਹਮਲਾ ਕੀਤਾ ਅਤੇ ਧੱਕਾ-ਮੁੱਕੀ ਕੀਤੀ। ਉਹਨਾਂ ਕਿਹਾ,”ਆਪ ਵਰਕਰ ਪਹਿਲਾਂ ਹੀ ਉਥੇ ਠਹਿਰੇ ਹੋਏ ਸਨ।“ ਮੁੱਖ ਮੰਤਰੀ ਨੇ ਕਿਹਾ,”ਹਮਲੇ ਲਈ ਕੋਈ ਹੋਰ ਨਹੀਂ ਸਗੋਂ ਆਪ ਜ਼ਿੰਮੇਵਾਰ ਹੈ। ਕਿਸਾਨ ਜ਼ਿੰਮੇਵਾਰ ਨਹੀਂ ਹਨ।“

  ਪਟਿਆਲਾ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਆਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਮੁਲਕ ਧੱਕੇਸ਼ਾਹੀ ਉਤੇ ਨਹੀਂ ਸਗੋਂ ਲੋਕਸ਼ਾਹੀ (ਜਮਹੂਰੀ) ਉਪਰ ਪਨਪ ਰਿਹਾ ਹੈ।“

  ਬਾਅਦ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਮੁਤਾਬਕ ਆਪ ਵਰਕਰਾਂ ਨੇ ਕਿਸਾਨਾਂ ਵਿੱਚ ਘੁਸਪੈਠ ਕੀਤੀ ਅਤੇ ਕਾਂਗਰਸੀ ਨੇਤਾਵਾਂ ਉਤੇ ਹਮਲਾ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਉਹਨਾਂ ਅਤੇ ਉਹਨਾਂ ਦੀ ਸਰਕਾਰ ਦੇ ਅਕਸ ਨੂੰ ਸੱਟ ਮਾਰਨ ਦੀ ਬੁਖਲਾਹਟ ਵਿੱਚ ਢੀਠਤਾ ਨਾਲ ਲਗਾਤਾਰ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਾਰੇ ਕੂੜ ਪ੍ਰਚਾਰ ਫੈਲਾਉਣ ਲਈ ਆਪ ਦੀਆਂ ਚਾਲਾਂ ਨਾਕਾਮ ਹੋਣ ਤੋਂ ਬਾਅਦ ਉਹਨਾਂ ਨੇ ਬਿੱਟੂ ਅਤੇ ਜ਼ੀਰਾ ਖਿਲਾਫ਼ ਹਿੰਸਕ ਕਾਰਵਾਈ ਕੀਤੀ।

  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਉਤੇ ਹਮਲਾ ਕਰਨ ਦਾ ਕੋਈ ਆਧਾਰ ਨਹੀਂ ਬਣਦਾ। ਉਹਨਾਂ ਕਿਹਾ,”ਆਪ ਲਈ ਅਜਿਹੇ ਹੱਥਕੰਡੇ ਉਹਨਾਂ ਦੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਦਰਾੜ ਪਾਉਣ ਲਈ ਸਹਾਈ ਨਹੀਂ ਹੋਣਗੇ। ਉਹਨਾਂ ਕਿਹਾ ਕਿ ਆਪ ਵਰਕਰ ਅਰਵਿੰਦ ਕੇਜਰੀਵਾਲ, ਜੋ ਭਾਜਪਾ ਲੀਡਰਸ਼ਿਪ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ, ਦੇ ਕਹਿਣ ਉਤੇ ਮਹੀਨਿਆਂ ਤੋਂ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।“

  ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਕਿਸਾਨਾਂ ਦਾ ਭਲਕੇ ਹੋਣ ਵਾਲਾ ਟਰੈਕਟਰ ਮਾਰਚ ਸ਼ਾਂਤਮਈ ਰਹੇਗਾ। ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਦੀਆਂ ਹਨ ਅਤੇ ਉਹ ਅਜਿਹਾ ਕੁਝ ਨਹੀਂ ਕਰਨਗੇ ਜਿਸ ਨਾਲ ਉਹਨਾਂ ਦਾ ਆਪਣਾ ਨੁਕਸਾਨ ਹੁੰਦਾ ਹੋਵੇ।
  Published by:Gurwinder Singh
  First published:

  Tags: AAP Punjab, Attack, Captain Amarinder Singh, Ravneet Singh Bittu

  ਅਗਲੀ ਖਬਰ