Home /News /punjab /

ਮੁੱਖ ਮੰਤਰੀ ਵੱਲੋਂ ਸਿੰਘੂ ਬਾਰਡਰ ’ਤੇ ਵਾਪਰੀ ਹਿੰਸਾ ਦੀ ਨਿੰਦਾ, ਕਿਹਾ ਇਹੋ ਕੁਝ ਪਾਕਿਸਤਾਨ ਚਾਹੁੰਦੈ

ਮੁੱਖ ਮੰਤਰੀ ਵੱਲੋਂ ਸਿੰਘੂ ਬਾਰਡਰ ’ਤੇ ਵਾਪਰੀ ਹਿੰਸਾ ਦੀ ਨਿੰਦਾ, ਕਿਹਾ ਇਹੋ ਕੁਝ ਪਾਕਿਸਤਾਨ ਚਾਹੁੰਦੈ

ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ ’ਤੇ ਦਿੱਤਾ ਜ਼ੋਰ, ‘ਮੈਂ ਹੁਣ ਤੱਕ ਮਸਲੇ ਦਾ ਹੱਲ ਕਰ ਦਿੰਦਾ’

ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ ’ਤੇ ਦਿੱਤਾ ਜ਼ੋਰ, ‘ਮੈਂ ਹੁਣ ਤੱਕ ਮਸਲੇ ਦਾ ਹੱਲ ਕਰ ਦਿੰਦਾ’

ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਰਹਿਣ ’ਤੇ ਦਿੱਤਾ ਜ਼ੋਰ, ‘ਮੈਂ ਹੁਣ ਤੱਕ ਮਸਲੇ ਦਾ ਹੱਲ ਕਰ ਦਿੰਦਾ’

  • Share this:

ਚੰਡੀਗੜ੍ਹ: ਸਿੰਘੂ ਬਾਰਡਰ ਉਤੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਅੱਜ ਕੀਤੀ ਹਿੰਸਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਖੌਤੀ ਸਥਾਨਕ ਵਾਸੀਆਂ ਦੀ ਸ਼ਨਾਖਤ ਕਰਨ ਲਈ ਵਿਸਥਾਰਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਜਿਨਾਂ ਨੇ ਮਿੱਥ ਕੇ ਪੁਲਿਸ ਦੇ ਸਖਤ ਸੁਰੱਖਿਆ ਘੇਰਾ ਤੋੜ ਕੇ ਕਿਸਾਨਾਂ ਅਤੇ ਉਨਾਂ ਦੇ ਸਮਾਨ ’ਤੇ ਹਮਲਾ ਕੀਤਾ ਹੈ।

ਮੁੱਖ ਮੰਤਰੀ ਨੇ ਪੁੱਛਿਆ, ‘‘ਕੀ ਇਹ ਸੱਚਮੁੱਚ ਹੀ ਸਥਾਨਕ ਵਾਸੀ ਸਨ?’’ ਉਨਾਂ ਨੇ ਇਸ ਗੱਲ ਦੀ ਤਹਿ ਤੱਕ ਜਾਂਚ ਕਰਨ ਲਈ ਆਖਿਆ ਕਿ ਇਹ ਹੁੱਲੜਬਾਜ਼ ਕੌਣ ਸਨ ਅਤੇ ਕਿੱਥੋਂ ਆਏ ਸਨ। ਉਨਾਂ ਕਿਹਾ, ‘‘ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਸਥਾਨਕ ਲੋਕ ਕਿਸਾਨਾਂ ਨਾਲ ਅਜਿਹਾ ਵਰਤਾਓ ਕਰ ਸਕਦੇ ਹਨ। ਹੁੱਲੜਬਾਜ਼ਾਂ ਨੂੰ ਗੜਬੜ ਫੈਲਾਉਣ ਦੇ ਇਰਾਦੇ ਨਾਲ ਕਿਸੇ ਹੋਰ ਥਾਂ ਤੋਂ ਲਿਆਂਦਾ ਜਾਪਦਾ ਹੈ।’’ ਉਨਾਂ ਕਿਹਾ ਕਿ ਸਥਾਨਕ ਵਾਸੀਆਂ ਵੱਲੋਂ ਕਿਸਾਨਾਂ ਨੂੰ ਗੱਦਾਰ ਕਿਹਾ ਜਾਣਾ, ਇਸ ਗੱਲ ਦੇ ਸੱਚ ਹੋਣ ਬਾਰੇ ਉਹ ਵਿਸ਼ਵਾਸ ਹੀ ਨਹੀਂ ਕਰ ਸਕਦੇ।

ਲਾਲ ਕਿਲੇ ਉਤੇ ਹੋਈ ਹਿੰਸਾ ਦੇ ਮੱਦੇਨਜ਼ਰ ਕਿਸਾਨਾਂ ਖਿਲਾਫਾਂ ਵਿੱਢੀ ਗਈ ਬਦਨਾਮ ਕਰਨ ਦੀ ਮੁਹਿੰਮ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਇਸੇ ਢੰਗ ਨਾਲ ਬਦਨਾਮ ਕੀਤਾ ਜਾਂਦਾ ਰਿਹਾ ਤਾਂ ਇਸ ਨਾਲ ਸਾਡੀਆਂ ਸੁਰੱਖਿਆ ਸੈਨਾਵਾਂ ਜਿਨਾਂ ਵਿੱਚ ਪੰਜਾਬੀਆਂ ਦੀ 20 ਫੀਸਦੀ ਸ਼ਮੂਲੀਅਤ ਹੈ, ਦਾ ਮਨੋਬਲ ਟੁੱਟ ਜਾਵੇਗਾ। ਉਨਾਂ ਨੇ ਹੋਰ ਵੀ ਸਾਵਧਾਨ ਕਰਦਿਆਂ ਕਿਹਾ ਕਿ ਕਿਸਾਨਾਂ ਖਿਲਾਫ ਦੁਸ਼ਪ੍ਰਚਾਰ ਕਰਨ ਨਾਲ ਵੰਡੀਆਂ ਪੈ ਸਕਦੀਆਂ ਹਨ ਜਿਸ ਨਾਲ ਪੰਜਾਬ ਲਈ ਮੁਸੀਬਤ ਖੜੀ ਹੋ ਸਕਦੀ ਹੈ। ਉਨਾਂ ਮੀਡੀਆ ਨੂੰ ਵੀ ਸਥਿਤੀ ਨਾਲ ਸੰਜੀਦਗੀ ਅਤੇ ਸਹੀ ਢੰਗ ਨਾਲ ਨਜਿੱਠਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੋ ਕੁੱਝ ਹੋ ਰਿਹਾ ਅਤੇ ਜਿਹੜਾ ਕੁੱਝ ਅੱਜ ਸਿੰਘੂ ਬਾਰਡਰ ਉਤੇ ਹੋਇਆ, ਅਜਿਹਾ ਸਭ ਕੁੱਝ ਹੀ ਹੈ ਜੋ ਪਾਕਿਸਤਾਨ ਚਾਹੁੰਦਾ ਹੈ।’’ ਉਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਹੀ ਇਸ ਗੱਲ ਤੋਂ ਚੌਕਸ ਕਰਦੇ ਆ ਰਹੇ ਹਨ ਕਿ ਪਾਕਿਸਤਾਨ, ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਬੇਚੈਨੀ ਪੈਦਾ ਕਰਨ ਲਈ ਇਸ ਮੌਕੇ ਨੂੰ ਵਰਤਣ ਦੀ ਕੋਸ਼ਿਸ਼ ਕਰੇਗਾ। ਉਨਾਂ ਕਿਹਾ ਕਿ ਇਹੋ ਨੁਕਤਾ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝਾ ਕੀਤਾ ਸੀ ਅਤੇ ਇਸ ਮੀਟਿੰਗ ਉਪਰ ਹੀ ਹੋ-ਹੱਲਾ ਮਚਾਇਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਸੀ ਕਿ ਪਾਕਿਸਤਾਨ ਤੋਂ ਹਥਿਆਰ, ਨਸ਼ੇ ਆਦਿ ਡਰੋਨਾਂ ਰਾਹੀਂ ਆ ਰਹੇ ਹਨ ਅਤੇ ਇਨਾਂ ਵਿੱਚੋਂ ਬਹੁਤ ਸਾਰੇ ਫੜੇ ਵੀ ਗਏ ਅਤੇ ਕੁੱਝ ਲੰਘ ਵੀ ਗਏ ਹੋਣਗੇ। ਉਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੂੰ ਕਿਸਾਨ ਅੰਦੋਲਨ ਦੌਰਾਨ ਹੋਈ ਤਾਜ਼ਾ ਗੜਬੜ ਅਤੇ ਹਿੰਸਾ ਵਿੱਚ ਪਾਕਿਸਤਾਨ ਦੀ ਸੰਭਾਵੀ ਭੂਮਿਕਾ ਦੀ ਜਾਂਚ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਸਮੱਸਿਆ ਦੇ ਹੱਲ ਲਈ ਗੱਲਬਾਤ ਦਾ ਰਾਹ ਜਾਰੀ ਰੱਖਣ ਦੀ ਸਲਾਹ ਦਿੱਤੀ। ਉਨਾਂ ਕਿਹਾ, ‘‘ਮੈਂ ਹੁਣ ਤੱਕ ਇਸ ਮਸਲੇ ਨੂੰ ਸੁਲਝਾ ਦਿੰਦਾ।’’ ਉਨਾਂ ਕਿਹਾ ਕਿ ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨੂੰ ਦੋਸਤ ਵਜੋਂ ਗੱਲ ਕਰਨੀ ਚਾਹੀਦੀ ਹੈ, ਨਾ ਕਿ ਦੁਸ਼ਮਣ ਵਜੋਂ। ਉਨਾਂ ਕਿਹਾ ਕਿ ਇਸ ਦਾ ਸਹੀ ਰਾਹ ਕੱਢਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦ ਦੌਰਾਨ ਪੰਜਾਬ ਬਹੁਤ ਮਾੜੇ ਸਮੇਂ ਵਿਚੋਂ ਗੁਜ਼ਰਿਆ ਹੈ, ਹੁਣ ਕੋਈ ਗੜਬੜ ਨਹੀਂ ਹੋਣੀ ਚਾਹੀਦੀ। ਉਨਾਂ ਨੇ ਕਿਸਾਨਾਂ ਨੂੰ ਗਲਤ ਨਾਮ ਨਾਲ ਪੇਸ਼ ਕਰਨ ਵਾਲਿਆਂ ਦੀ ਸਖਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਲੋਕਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਹਨ ਪਰ ਤੁਸੀਂ ਕਿਸਾਨਾਂ ਨੂੰ ਖੱਬੇਪੱਖੀ, ਮਾਓਵਾਦੀ, ਨਕਸਲੀ ਅਤੇ ਖਾਲਿਸਤਾਨੀ ਦੇ ਨਾਵਾਂ ਨਾਲ ਨਹੀਂ ਜੋੜ ਸਕਦੇ।

ਕਿਸਾਨਾਂ ਦੇ ਅੰਦੋਲਨ ਪਿੱਛੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਦਾ ਹੱਥ ਹੋਣ ਦੇ ਦੋਸ਼ਾਂ ’ਤੇ ਪ੍ਰਤੀਕਰਮ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਦੁਖਦਾਈ ਹੈ ਕਿ ਭਾਜਪਾ ਇਹ ਸਮਝਣ ਦੀ ਕੋਸ਼ਿਸ਼ ਕੀਤੇ ਬਗੈਰ ਅਜਿਹੇ ਦੋਸ਼ ਲਾ ਰਹੀ ਹੈ ਕਿ ਅਸਲ ਵਿੱਚ ਕਿਸਾਨ ਨਾਰਾਜ਼ ਕਿਉਂ ਹਨ, ਉਹ ਇਹ ਕਾਨੂੰਨਾਂ ਕਿਉਂ ਨਹੀਂ ਚਾਹੁੰਦੇ।’’ ਉਨਾਂ ਕਿਹਾ, ‘‘ਸਾਡੇ ਕੋਲ ਛੋਟੇ ਕਿਸਾਨ ਹਨ ਅਤੇ ਐਮ.ਐਸ.ਪੀ. ਜਾਂ ਆੜਤੀਆ ਪ੍ਰਣਾਲੀ ਦੇ ਖਤਮ ਹੋਣ ਨਾਲ ਉਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।’’ ਉਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਮਾਨਸਿਕਤਾ ਨੂੰ ਨਹੀਂ ਸਮਝ ਰਹੀ। ਉਨਾਂ ਸਪੱਸ਼ਟ ਕੀਤਾ ਕਿ ਭਾਵੇਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ ਪਰ ਹੁਣ ਇਹ ਅੰਦੋਲਨ ਦੇਸ਼ ਭਰ ਵਿੱਚ ਫੈਲ ਗਿਆ ਹੈ।

ਮੁੱਖ ਮੰਤਰੀ ਕਿਹਾ ਕਿ ਉਨਾਂ ਅਤੇ ਉਨਾਂ ਦੀ ਸਰਕਾਰ ਅਤੇ ਪਾਰਟੀ ਕਿਸਾਨਾਂ ਨਾਲ ਖੜੀ ਹੈ, ਇਸੇ ਕਰਕੇ ਉਨਾਂ ਨੇ ਸੂਬੇ ਵਿਚ ਆਪਣੇ ਬਿੱਲ ਪਾਸ ਕੀਤੇ। ਉਨਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਕਿਸਾਨ ਦਾ ਦਿਲ ਇਸ ਸਮੇਂ ਦਿੱਲੀ ਦੀਆਂ ਸਰਹੱਦਾਂ ’ਤੇ ਹੈ।

Published by:Ashish Sharma
First published:

Tags: Agriculture ordinance, Captain Amarinder Singh, Chief Minister