ਕੈਪਟਨ ਵੱਲੋਂ ਕਿਸਾਨਾਂ ਨੂੰ ਸੁਰੱਖਿਆ ਦੇਣ ਤੋਂ "ਭੱਜਣ" 'ਤੇ ਆਪ' ਵੱਲੋਂ ਮੀਟਿੰਗ ਤੋਂ ਕੀਤਾ ਵਾਕਆਊਟ

News18 Punjabi | News18 Punjab
Updated: February 3, 2021, 9:20 AM IST
share image
ਕੈਪਟਨ ਵੱਲੋਂ ਕਿਸਾਨਾਂ ਨੂੰ ਸੁਰੱਖਿਆ ਦੇਣ ਤੋਂ
'ਆਪ' ਦੀ ਮੰਗ, ਪ੍ਰਧਾਨ ਮੰਤਰੀ ਨੂੰ ਮਿਲ ਕੇ ਕਿਸਾਨਾਂ ਦਾ ਮੁੱਦਾ ਉਠਾਉਣ ਕੈਪਟਨ

ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅਤਿ ਅਸੰਵੇਦਨਸ਼ੀਲ ਹਨ ਅਤੇ ਉਹ ਕਿਸਾਨਾਂ ਦੀ ਹਰ ਮੰਗ ਨੂੰ ਨਜਰਅੰਦਾਜ ਕਰਦੇ ਆਏ ਹਨ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਲੈ ਕੇ ਹੁਣ ਤਕ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਮੀਟਿੰਗ ਵਿਚ ਵੀ ਆਮ ਆਦਮੀ ਪਾਰਟੀ ਨੇ ਦਿੱਲੀ ਬਾਰਡਰ ਉੱਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਕਿਉਂ ਜੋ ਦਿੱਲੀ ਪੁਲੀਸ ਭਾਜਪਾ ਦੇ ਗੁੰਡਿਆਂ ਨਾਲ ਰਲ ਕੇ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੇ ਜਵਾਨਾਂ ਦੀ ਤਾਇਨਾਤੀ ਕਰੇ।

ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅਤਿ ਅਸੰਵੇਦਨਸ਼ੀਲ ਹਨ ਅਤੇ ਉਹ ਕਿਸਾਨਾਂ ਦੀ ਹਰ ਮੰਗ ਨੂੰ ਨਜਰਅੰਦਾਜ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਇਸੇ ਮੁੱਦੇ ਉੱਤੇ ਹੀ ਆਮ ਆਦਮੀ ਪਾਰਟੀ ਨੇ ਅੱਜ ਦੀ ਸਰਬ ਪਾਰਟੀ ਮੀਟਿੰਗ ਚੋਂ ਵਾਕਆਊਟ ਕਰਨ ਦਾ ਫੈਸਲਾ ਕੀਤਾ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤਕ ਕਦੀ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਹੀਂ ਵਿਖਾਈ ਅਤੇ ਕਦੇ ਵੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲੋਂ ਕਿਸਾਨਾਂ ਦੇ ਮੁੱਦੇ ਸਬੰਧੀ ਸਮਾਂ ਨਹੀਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾਂ ਹੀ ਹਵਾ ਵਿੱਚ ਗੱਲਾਂ ਕਰਕੇ ਟਾਲ ਮਟੋਲ ਕਰਨ ਦਾ ਯਤਨ ਕਰਦੇ ਰਹਿੰਦੇ ਹਨ ਪ੍ਰੰਤੂ ਆਮ ਆਦਮੀ ਪਾਰਟੀ ਨੇ ਅੱਜ ਉਨ੍ਹਾਂ ਤੋਂ ਸਿੱਧੇ ਸ਼ਬਦਾਂ ਵਿਚ ਪੁੱਛਿਆ ਹੈ ਕਿ ਉਹ ਇਸ ਗੱਲ ਨੂੰ ਸਪੱਸ਼ਟ ਕਰਨ ਕਿ ਉਹ ਕਿਸਾਨਾਂ ਦੀਆਂ ਮੰਗਾਂ ਸਬੰਧੀ ਕਿਸ ਤਰੀਕ ਨੂੰ ਅਤੇ ਔਖੇ ਸਮੇਂ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਪੰਜਾਬ ਦੇ ਲੋਕ ਦਿੱਲੀ ਦੀ ਸਰਹੱਦ ਉੱਤੇ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ ਕਿ ਸਾਡੇ ਹੱਕ ਵਿੱਚ ਕੋਈ ਬੋਲਦਾ ਨਹੀਂ। ਭਾਜਪਾ ਆਪਣੇ ਗੁੰਡੇ ਭੇਜਕੇ ਕਿਸਾਨਾਂ ਉੱਤੇ ਹਮਲੇ ਕਰਵਾ ਰਹੀ ਹੈ, ਦੂਜੇ ਪਾਸੇ ਦਿੱਲੀ ਪੁਲਿਸ ਦਾ ਜਦੋਂ ਜੀਅ ਕਰਦਾ ਹੈ ਕਿਸਾਨਾਂ ਨੂੰ ਫੜਕੇ ਲੈ ਜਾਂਦੀ ਹੈ ਅਤੇ ਝੂਠੇ ਪਰਚੇ ਦਰਜ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਨੌਜਵਾਨ ਫੜ੍ਹਕੇ ਜੇਲ੍ਹ 'ਚ ਭੇਜ ਦਿੱਤੇ ਹਨ, ਸੈਂਕੜੇ ਨੌਜਵਾਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਰਿਹਾ, ਕਿ ਉਹ ਕਿੱਥੇ ਹਨ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਥੇ ਇਕ ਹੈਲਪ ਡੈਕਸ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸੁਣੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਰੀਆਂ ਪਾਰਟੀਆਂ ਦੇ ਨਿਮਾਇੰਦੇ ਪਾਏ ਜਾਣ।
ਉਨ੍ਹਾਂ ਕਿਹਾ ਕਿ 26 ਨਵੰਬਰ 2020 ਤੋਂ ਕਿਸਾਨਾਂ ਨੇ ਅਨੇਕਾਂ ਤਸ਼ੀਹੇ ਝੱਲੇ ਹਨ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਕਿਸਾਨਾਂ ਦਾ ਅੰਦੋਲਨ ਗੈਰ ਰਾਜਨੀਤਿਕ ਹੈ, ਪਰ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨਾਲ ਤਾਂ ਕੋਈ ਮੀਟਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਵਿਰੁੱਧ ਕੋਈ ਜਾਂਚ ਖੁੱਲ੍ਹਦੀ ਹੈ ਤਾਂ ਉਸ ਲਈ ਤਾਂ ਗ੍ਰਹਿ ਮੰਤਰੀ ਕੋਲ ਚੱਲੇ ਜਾਂਦੇ ਹਨ, ਪਰ ਹੁਣ ਲੱਖਾਂ ਲੋਕਾਂ ਉਤੇ ਪਰਚੇ ਹੋ ਗਏ, ਨਹੀਂ ਗਏ।

ਆਪ ਆਗੂਆਂ ਨੇ ਕਿਹਾ ਕਿ ਪਿਛਲੀ ਆਲ ਪਾਰਟੀ ਦੀ ਮੀਟਿੰਗ ਵਿੱਚ 24 ਜੂਨ ਨੂੰ ਇਹ ਪ੍ਰਸਤਾਵ ਕੀਤਾ ਸੀ ਕਿ ਆਲ ਪਾਰਟੀ ਦਾ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ, ਪਰ ਵਾਅਦਾ ਪੂਰਾ ਨਹੀਂ ਹੋਇਆ। ਜੇਕਰ ਉਦੋਂ ਹੀ ਪ੍ਰਧਾਨ ਮੰਤਰੀ ਨੂੰ ਮਿਲੇ ਹੁੰਦੇ ਤਾਂ ਹੁਣ ਗੱਲ ਕੁਝ ਹੋਰ ਹੋਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਹਨ ਸਿੰਘ ਪੰਨੂੰ ਦੀ ਰਿਪੋਰਟ ਉੱਤੇ ਉਸ ਸਮੇਂ ਗੌਰ ਕੀਤਾਂ ਹੁੰਦਾ ਤਾਂ ਅੱਜ ਗੱਲ ਕੁਝ ਹੋਰ ਹੋਣੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਈਪਵਰ ਕਮੇਟੀ ਮੀਟਿੰਗ ਸਮੇਂ ਹੀ ਲੋਕਾਂ ਨੂੰ ਦੱਸ ਦਿੱਤਾ ਹੁੰਦਾ ਤਾਂ ਉਸ ਸਮੇਂ ਹੀ ਲਾਮਬੰਦੀ ਹੋ ਜਾਣੀ ਸੀ, ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਕੇਂਦਰ ਦੀ ਮੋਦੀ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨਾਲ ਵਾਅਦਾ ਕਰ ਰਹੀ ਸੀ ਕਿ ਪਰਾਲੀ ਵਾਲਾ ਬਿੱਲ ਅਤੇ ਬਿਜਲੀ ਬਿੱਲ ਨਹੀਂ ਲਿਆਂਦੇ ਜਾਣਗੇ, ਪਰ ਹੁਣ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾਣ ਵਾਲੀ ਲਿਸਟ ਬਿੱਲ ਦੇ ਮੁਤਾਬਕ ਪਹਿਲੇ ਨੰਬਰ ਉਤੇ ਪਰਾਲੀ ਤੇ 29 ਨੰਬਰ ਉਤੇ ਬਿਜਲੀ ਬਿਲ ਹੈ।

ਆਪ ਆਗੂਆਂ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਵਿੱਚ ਪਾਏ ਗਏ ਮਤੇ ਵਿਚ ਆਮ ਆਦਮੀ ਪਾਰਟੀ ਸੋਧ ਕਰਵਾਉਣਾ ਚਾਹੁੰਦੀ ਸੀ ਕਿ ਇਹ ਵੀ ਦਰਜ ਹੋਣਾ ਚਾਹੀਦਾ ਹੈ ਕਿ ਇਸ ਮਿਤੀ ਤੱਕ ਪ੍ਰਧਾਨ ਮੰਤਰੀ ਵਫਦ ਨੂੰ ਮਿਲਣ ਦਾ ਸਮਾਂ ਦੇਣ, ਪ੍ਰੰਤੂ ਸਾਡੀ ਇਹ ਮੰਗ ਨਾ ਮੰਨੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਮੋਦੀ ਦੇ ਇਸ਼ਾਰਿਆਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਠੰਢੇ ਬਸਤੇ ਵਿਚ ਪਾਉਣ ਦਾ ਯਤਨ ਕਰਦੇ ਰਹੇ ਹਨ।
Published by: Sukhwinder Singh
First published: February 3, 2021, 8:10 AM IST
ਹੋਰ ਪੜ੍ਹੋ
ਅਗਲੀ ਖ਼ਬਰ