Home /News /punjab /

ਜਿੰਨਾ ਚਿਰ ਖੱਟਰ ਮੁਆਫੀ ਨਹੀਂ ਮੰਗਦਾ, ਕੋਈ ਗੱਲ਼ਬਾਤ ਨਹੀਂ ਕਰਾਂਗਾ: ਕੈਪਟਨ

ਜਿੰਨਾ ਚਿਰ ਖੱਟਰ ਮੁਆਫੀ ਨਹੀਂ ਮੰਗਦਾ, ਕੋਈ ਗੱਲ਼ਬਾਤ ਨਹੀਂ ਕਰਾਂਗਾ: ਕੈਪਟਨ

  • Share this:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਂਟਰ ਪੰਜਾਬ ਦੇ ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਉਦੋਂ ਤੱਕ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲਬਾਤ ਦੀ ਕੋਈ ਸਾਂਝ ਵੀ ਨਹੀਂ ਰੱਖੀ ਜਾਵੇਗੀ।

ਕੈਪਟਨ ਨੇ ਮਨੋਹਰ ਲਾਲ ਖੱਟਰ ’ਤੇ ਝੂਠ ਬੋਲਣ ਦੇ ਦੋਸ਼ ਲਾਉਂਦਿਆਂ ਕਿਹਾ, ‘‘ਖੱਟਰ ਇਹ ਝੂਠ ਬੋਲ ਰਿਹਾ ਹੈ ਕਿ ਉਸ ਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਜਵਾਬ ਨਹੀਂ ਦਿੱਤਾ। ਪਰ ਹੁਣ ਉਸ ਨੇ ਮੇਰੇ ਕਿਸਾਨਾਂ ਨਾਲ ਜੋ ਕੁਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਨੀ, ਚਾਹੇ 10 ਵਾਰ ਕੋਸ਼ਿਸ਼ ਕਰਕੇ ਦੇਖ ਲਵੇ। ਜਦੋਂ ਤੱਕ ਖੱਟਰ ਮੁਆਫ਼ੀ ਨਹੀਂ ਮੰਗਦਾ ਅਤੇ ਇਹ ਨਹੀਂ ਮੰਨ ਲੈਂਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਗਲਤ ਕੀਤਾ, ਮੈਂ ਉਸ ਨੂੰ ਮੁਆਫ਼ ਨਹੀਂ ਕਰਾਂਗਾ।’’

ਕੈਪਟਨ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਉਪਰ ਅੱਥਰੂ ਗੈਸ ਛੱਡਣ, ਲਾਠੀਚਾਰਜ ਕਰਨ ਅਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋਏ, ਜਿਸ ਕਰਕੇ ਉਨ੍ਹਾਂ ਵੱਲੋਂ ਖੱਟਰ ਨਾਲ ਗੱਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਜੇਕਰ ਉਹ (ਕੈਪਟਨ) ਕਿਸਾਨਾਂ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਈ ਵਾਰ ਗੱਲ ਕਰ ਸਕਦੇ ਹਨ ਤਾਂ ਉਹ ਆਪਣੇ ਗੁਆਂਢੀ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਪਿੱਛੇ ਕਿਉਂ ਹਟਦੇ, ਜੇਕਰ ਖੱਟਰ ਨੇ ਸੱਚਮੁੱਚ ਹੀ ਰਾਬਤਾ ਕਾਇਮ ਕੀਤਾ ਹੁੰਦਾ।

ਕੈਪਟਨ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਆਉਣ ਉਤੇ ਕੋਈ ਇਤਰਾਜ਼ ਨਹੀਂ ਹੈ ਤਾਂ ਇਨ੍ਹਾਂ ਵਿਚਾਲੇ ਟੰਗ ਅੜਾਉਣ ਵਾਲਾ ਖੱਟਰ ਕੌਣ ਹੁੰਦਾ? ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ‘ਮੈਂ ਧੁਰ ਅੰਦਰੋਂ ਰਾਸ਼ਟਰਵਾਦੀ ਹਾਂ, ਮੈਂ ਸਰਹੱਦੀ ਸੂਬਾ ਚਲਾਉਂਦਾ ਹਾਂ ਅਤੇ ਅਜਿਹਾ ਕੁਝ ਕਦੇ ਵੀ ਨਹੀਂ ਕੀਤਾ ਕਿ ਜਿਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਲਈ ਮੁਸ਼ਕਲ ਪੈਦਾ ਹੁੰਦੀ ਹੋਵੇ।’  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੈਂ ਖੱਟਰ ਦੀਆਂ ਬੇਤੁੱਕੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇਵਾਂਗਾ। ਕੀ ਮੇਰੇ ਕੋਲ ਕਿਸਾਨਾਂ ਨੂੰ ਭੜਕਾਉਣ ਤੋਂ ਇਲਾਵਾ ਕੋਈ ਹੋਰ ਚੰਗਾ ਕੰਮ ਕਰਨ ਲਈ ਨਹੀਂ ਹੈ?’

Published by:Gurwinder Singh
First published:

Tags: Agricultural law, Agriculture ordinance, Captain Amarinder Singh, Manoharlal Khattar