ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਤੇ ਧਮਕਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਲਈ ਸਹੂਲਤ ਦੇਣ ਦੀ ਥਾਂ ਪੈਨਸ਼ਨ ਸੂਚੀਆਂ ਵਿਚ ਮਨਮਰਜ਼ੀ ਨਾਲ ਕਟੌਤੀ ਕੀਤੀ ਜਾ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰ ਸਰਕਾਰ ਨਾ ਸਿਰਫ 2500 ਰੁਪਏ ਪ੍ਰਤੀ ਮਹੀਨਾ ਬੁੱਢਾਪਾ ਪੈਨਸ਼ਨ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ ਬਲਕਿ ਹੁਣ ਇਹ ਪੈਨਸ਼ਨ ਸੂਚੀ ਵਿਚ ਕਟੌਤੀ ਵੀ ਕਰ ਰਹੀ ਹੈ ਤਾਂ ਜੋ ਕਿ ਪੈਨਸ਼ਨ 200 ਰੁਪਏ ਤੋਂ ਵਧਾਉਣ ਮਗਰੋਂ ਸਕੀਮ ਲਈ ਯੋਜਨਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਸਿਕੰਦਰ ਸਿੰਘ ਮਲੂਕਾ ਨੇ 2000 ਪੈਨਸ਼ਨਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੀ ਨਿਖੇਧੀ ਕਰਦÇਆਂ ਕਿਹਾ ਕਿ ਪਹਿਲਾਂ ਸਰਕਾਰ ਨੇ 70 ਹਜ਼ਾਰ ਲਾਭਪਾਤਰੀਆਂ ਤੋਂ ਪੈਨਸ਼ਨ ਦੀ ਸਹੂਲਤ ਵਾਪਸ ਲੈ ਲਈ ਤੇ ਹੁਣ ਗਰੀਬ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਿਹਨਾਂ ਦੀ ਪੈਨਸ਼ਨ ਕੱਟੀ ਗਈ ਹੈ, ਉਹ ਮੁੜ ਬਹਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਮਹਾਮਾਰੀ ਵੇਲੇ ਲੋਕਾਂ ਨਾਲ ਸਲੂਕ ਦਾ ਕੋਈ ਤਰੀਕਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਨਾਲ ਸੀਨੀਅਰ ਸਿਟੀਜ਼ਨ ਜਿਹਨਾਂ ’ਤੇ ਫੈਸਲੇ ਦੀ ਮਾਰ ਪਈ ਹੈ, ਨੂੰ ਔਖਿਆਈ ਦਾ ਸਾਹਮਣਾ ਕਰਨਾ ਪਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰ ਸਰਕਾਰ ਨੇ ਉਹਨਾਂ ਸਾਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਖੋਰ੍ਹਾ ਲਾਇਆ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਸਨ। ਇਹਨਾਂ ਵਿਚ ਸ਼ਗਨ ਸਕੀਮ ਤੇ ਆਟਾ ਦਾਲ ਸਕੀਮ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ ਜਿਸ ਕਾਰਨ ਸਮਾਜ ਦੇ ਕਮਜ਼ੋਰ ਵਰਗ ਆਟਾ ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ। ਉਹਨਾਂ ਕਿਹਾ ਕਿ ਇਸੇ ਤਰੀਕੇ ਸ਼ਗਨ ਸਕੀਮ, ਜਿਸ ਵਿਚ ਪਹਿਲਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਧੀਆਂ ਸ਼ਾਮਲ ਸਨ, ਦੇ ਲਾਭਪਾਤਰੀਆਂ ਨੂੰ ਬੱਚਿਆਂ ਦੀ ਡਲੀਵਰੀ ਹੋਣ ਤੋਂ ਮਗਰੋਂ ਹੁਣ ਤੱਕ ਸ਼ਗਨ ਨਹੀਂ ਮਿਲਿਆ ਜਦਕਿ ਇਹ ਇਹਨਾਂ ਦੇ ਵਿਆਹ ਵੇਲੇ ਮਿਲਣਾ ਚਾਹੀਦਾ ਸੀ।
ਸ੍ਰੀ ਮਲੂਕਾ ਨੇ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬੁਢਾਪਾ ਪੈਨਸ਼ਨਰਾਂ ਨਾਲ ਵਿਤਕਰਾ ਬੰਦ ਕੀਤਾ ਤਾਂ ਫਿਰ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਲਾਭਪਾਤਰੀਆਂ ਨੁੰ ਮਾਮਲੇ ਵਿਚ ਨਿਆਂ ਹਾਸਲ ਕਰਨ ਵਿਚ ਵੀ ਮਦਦ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।