Gurdeep Singh
24 ਮਈ ਨੂੰ ਖੰਨਾ ਦੇ ਦੋ ਪਿੰਡਾਂ ਵਿੱਚ ਖੇਡ ਮੈਦਾਨਾਂ ਦਾ ਉਦਘਾਟਨ ਕਰਨ ਸਮੇਂ ਪੰਜਾਬ ਦੇ ਦੋ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਵੱਲੋਂ ਕਰਫਿਊ ਤੋੜਨ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਡੀਜੀਪੀ, ਮੁੱਖ ਮੰਤਰੀ ਅਤੇ ਐਸਐਸਪੀ ਖੰਨਾ ਨੂੰ ਸ਼ਿਕਾਇਤ ਦੇ ਕੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਮੰਤਰੀਆਂ ਖਿਲਾਫ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਵਲੋਂ ਹਾਈਕੋਰਟ ਦਾ ਸਹਾਰਾ ਲੈਣ ਦੀ ਗੱਲ ਕੀਤੀ ਗਈ।
ਦੱਸ ਦਈਏ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਹਿਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਨੇ, ਦੂਜੇ ਪਾਸੇ 24 ਮਈ ਨੂੰ ਖੰਨਾ ਵਿਖੇ ਪੰਜਾਬ ਦੇ ਦੋ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਕਰਫਿਉ ਦੇ ਵਿਚਕਾਰ ਖੇਡ ਸਟੇਡੀਅਮਾਂ ਦਾ ਉਦਘਾਟਨ ਕਰਦੇ ਹਨ।
ਇਸ ਦੌਰਾਨ ਉਹਨਾਂ ਨਾਲ ਖੰਨਾ, ਪਾਇਲ ਅਤੇ ਬੱਸੀ ਪਠਾਣਾ ਦੇ ਵਿਧਾਇਕ ਨਾਲ ਸਨ। ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਮੋਹਨਪੁਰ ਦੇ ਖੇਡ ਮੈਦਾਨ ਵਿੱਚ ਤਾਂ ਫੁਟਬਾਲ ਦਾ ਮੈਚ ਤੱਕ ਕਰਵਾ ਦਿੱਤਾ ਗਿਆ ਜਿਸ ਕਾਰਨ ਕੋਵਿਡ-19 ਨਿਯਮਾਂ ਦੇ ਨਾਲ ਨਾਲ ਡੀਸੀ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੋਈ, ਉਹ ਵੀ ਜੋ ਸਮਾਜ ਲਈ ਖੁਦ ਇਕ ਰੋਲ ਮਾਡਲ ਹਨ, ਯਾਨੀ ਜਨਤਾ ਦੇ ਨੁਮਾਇੰਦਿਆਂ ਵਲੋਂ।
ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਆਗੂਆਂ ਦਾ ਇਕ ਵਫ਼ਦ ਯਾਦਵਿੰਦਰ ਸਿੰਘ ਯਾਦੂ (ਕੌਰ ਕਮੇਟੀ ਮੈਂਬਰ) ਦੀ ਅਗਵਾਈ 'ਚ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਮਿਲਿਆ। ਉਹਨਾਂ ਸ਼ਿਕਾਇਤ ਦਿੰਦੇ ਹੋਏ ਮੰਤਰੀਆਂ, ਵਿਧਾਇਕਾਂ ਤੇ ਪ੍ਰਬੰਧਕਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਮ ਲੋਕਾਂ ਵੱਲੋਂ ਮਾਸਕ ਨਾ ਪਾਉਣ ਉਤੇ ਪੁਲਿਸ ਧੜਾਧੜ ਚਲਾਨ ਕਰ ਰਹੀ ਹੈ। ਦੁਕਾਨਾਂ ਖੋਲ੍ਹਣ ਉਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਜੇਕਰ ਕੋਈ ਵਿਆਹ ਹੈ, ਉਸ ਵਿੱਚ ਵੀ ਤੁਸੀਂ ਇਕੱਠ ਨਹੀਂ ਕਰ ਸਕਦੇ, ਇਹ ਸਭ ਪਾਬੰਦੀਆਂ ਆਮ ਜਨਤਾ ਲਈ ਲਾਗੂ ਹਨ, ਦੂਜੇ ਪਾਸੇ ਮੰਤਰੀ ਤੇ ਵਿਧਾਇਕ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਪੁਲਿਸ ਉਹਨਾਂ ਉਤੇ ਕਾਰਵਾਈ ਦੀ ਬਜਾਏ ਉਹਨਾਂ ਦੀ ਰਾਖੀ ਕਰਦੀ ਹੈ।
ਇਸ ਬਾਬਤ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਵੀ ਜਾਣੂ ਕਰਾ ਦਿੱਤਾ ਗਿਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਉਹ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣਗੇ। ਐਡਵੋਕੇਟ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਦਾ ਜੋਰ ਆਮ ਲੋਕਾਂ ਉਤੇ ਚੱਲਦਾ ਹੈ। ਜਦਕਿ ਕਾਨੂੰਨ ਸਾਰਿਆਂ ਲਈ ਬਰਾਬਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Lockdown, Shiromani Akali Dal