• Home
 • »
 • News
 • »
 • punjab
 • »
 • AKALI DAL PROTESTS AGAINST PUNJAB GOVERNMENT IN BARNALA

ਬਰਨਾਲਾ: ਅਕਾਲੀਆਂ ਦਾ ਧਰਨਾ ਠੁੱਸ, ਜਿਲ੍ਹੇ ਭਰ ਦੇ ਧਰਨੇ 'ਚ ਤਿੰਨ ਵਿਧਾਨ ਸਭਾ ਹਲਕਿਆਂ ਤੋਂ 100 ਬੰਦੇ ਵੀ ਨਾ ਜੁੜੇ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਦੇ ਕੱਦਾਵਰ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਸ਼ੋ੍ਮਣੀ ਅਕਾਲੀ ਦਲ ਵੱਲੋਂ ਰੋਸ ਜ਼ਾਹਰ ਕਰਦਿਆਂ ਸ਼ੁੱਕਰਵਾਰ ਨੂੰ ਪੰਜਾਬ ਭਰ ਦੇ ਜਿਲ੍ਹਾ ਹੈਡਕੁਆਟਰਾਂ ਉਤੇ ਰੋਸ ਧਰਨੇ ਲਾਉਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਅੱਜ ਬਰਨਾਲਾ ਵਿਖੇ ਵੀ ਅਕਾਲੀ ਦਲ ਵਲੋਂ ਡੀਐਸਪੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ।

  ਜਿਲ੍ਹੇ ਭਰ ਦੇ ਅਕਾਲੀਆਂ ਲਈ ਸਥਿਤੀ ਉਦੋਂ ਹਾਸੋਹੀਣੀ ਬਣ ਗਈ, ਜਦੋਂ ਜਿਲ੍ਹਾ ਪੱਧਰੀ ਇਸ ਧਰਨੇ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਤੋਂ 100 ਬੰਦੇ ਵੀ ਅਕਾਲੀ ਜੁਟਾ ਨਾ ਸਕੇ। ਇਸ ਧਰਨੇ ਵਿੱਚ ਅਕਾਲੀ ਦਲ ਦੇ ਗਿਣਵੇਂ ਚੁਣਵੇਂ ਨੇਤਾ ਹੀ ਦੇਖਣ ਨੂੰ ਮਿਲੇ ਅਤੇ ਦੋ ਘੰਟਿਆਂ ਅੰਦਰ ਧਰਨੇ ਦਾ ਫ਼ੋਟੋਸੂਟ ਕਰਵਾ ਕੇ ਅਕਾਲੀ ਆਗੂ ਚੱਲਦੇ ਬਣੇ।

  ਜਿਕਰਯੋਗ ਹੈ ਕਿ ਸ਼ੋ੍ਮਣੀ ਅਕਾਲੀ ਦਲ ਵਲੋਂ ਪਹਿਲਾਂ ਇਹ ਧਰਨਾ ਐਸਐਸਪੀ ਦਫ਼ਤਰ ਅੱਗੇ ਰੱਖਣ ਦਾ ਸੁਨੇਹਾਂ ਵਟਸਐਪ ਗਰੁੱਪਾਂ ਵਿੱਚ ਘੁਮਾਇਆ ਗਿਆ। ਬਰਨਾਲਾ ਵਿੱਚ ਡੀਸੀ ਕੰਪਲੈਕਸ ਦੇ ਅੰਦਰ ਹੀ ਐਸਐਸਪੀ ਦਫ਼ਤਰ ਬਣਿਆ ਹੋਇਆ ਹੈ ਅਤੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਧਰਨਾ ਲਗਾਇਆ ਹੋਇਆ ਹੈ।

  ਕਿਸਾਨ ਜੱਥੇਬੰਦੀ ਦੇ ਵਿਰੋਧ ਤੋਂ ਬਚਣ ਲਈ ਅਕਾਲੀ ਦਲ ਨੂੰ ਧਰਨੇ ਦੀ ਜਗ੍ਹਾ ਐਸਐਸਪੀ ਦਫ਼ਤਰ ਤੋਂ ਤਬਦੀਲ ਕਰਕੇ ਡੀਐਸਪੀ ਦਫ਼ਤਰ ਰੱਖਣੀ ਪਈ। ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਲਈ ਸਵੇਰੇ ਦਸ ਵਜੇ ਦਾ ਸਮਾਂ ਦਿੱਤਾ ਗਿਆ ਸੀ, ਜੋ ਵਟਸਐਪ ਗਰੁੱਪਾਂ ਵਿੱਚ ਘੁਮਾਇਆ ਗਿਆ। ਪਰ 10 ਵਜੇ ਟਾਵਾਂ-ਟਾਵਾਂ ਅਕਾਲੀ ਆਗੂ ਹੀ ਧਰਨਾ ਸਥਾਨ ਉਤੇ ਦੇਖਣ ਨੂੰ ਮਿਲਿਆ।

  12 ਵਜੇ ਤੱਕ ਮਸਾਂ ਅਕਾਲੀ ਦਲ ਦੇ ਆਗੂ ਤੇ ਵਰਕਰ ਧਰਨੇ ਜੋਗਾ ਇਕੱਠ ਜੁਟਾ ਸਕੇ। ਪਰ ਇਹ ਧਰਨਾ ਵੀ ਬਹੁਤੀ ਲੰਬਾ ਰੋਸ ਪ੍ਰਦਰਸ਼ਨ ਨਹੀਂ ਕਰ ਸਕਿਆ। ਅਕਾਲੀ ਆਗੂ ਮੀਡੀਆ ਅਤੇ ਸ਼ੋਸ਼ਲ ਮੀਡੀਆ ਲਈ ਫ਼ੋਟੋਸ਼ੂਟ ਕਰਵਾ ਕੇ 2 ਘੰਟੇ ਅੰਦਰ ਧਰਨਾ ਸਥਾਨ ਤੋਂ ਚੱਲਦੇ ਬਣੇ।

  ਇਸ ਮੌਕੇ ਧਰਨਾ ਪ੍ਰਦਰਸ਼ਨ ਕਰ ਰਹੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਅਤੇ ਸਤਨਾਮ ਸਿੰਘ ਰਾਹੀ ਨੈ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ। ਕਾਂਗਰਸ ਸਰਕਾਰ ਅਕਾਲੀ ਦਲ ਦੇ ਆਗੂਆਂ ਦਾ ਨਾਮ ਨਸ਼ੇ ਨਾਲ ਜੋੜ ਕੇ ਜਿੱਥੇ ਪੰਥਕ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਰੰਜਿਸ਼ ਤਹਿਤ ਦੁਸ਼ਮਣੀ ਕੱਢੀ ਜਾ ਰਹੀ ਹੈ।
  Published by:Gurwinder Singh
  First published: