ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਕਈ ਵਾਰੀ ਜ਼ਿੰਦਗੀ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਉਸ ਨੂੰ ਭੁੱਲਣਾ ਜ਼ਿੰਦਗੀ ਵਿੱਚ ਸੰਭਵ ਨਹੀਂ ਹੁੰਦਾ, ਪਰੰਤੂ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਵਗਦੇ ਪਾਣੀਆਂ ਵਾਂਗ ਵਹਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਜਿੰਦਗੀ ਖੁਸ਼ਹਾਲ ਬਣੀ ਰਹੇ। ਅਜਿਹੀ ਦੀ ਇੱਕ ਘਟਨਾ ਡਾ. ਅਨੁਪਮਾ ਗੁਪਤਾ (Dr. Anupma Gupta) ਨਾਲ 10 ਦਸੰਬਰ 2019 ਨੂੰ ਵਾਪਰੀ ਸੀ, ਜਿਸ ਵਿੱਚ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਸਨ ਪਰੰਤੂ ਉਨ੍ਹਾਂ ਨੇ ਹਾਰ ਨਹੀਂ ਮੰਨੀ। ਘਟਨਾ ਪਿੱਛੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਖੁਸ਼ਹਾਲ ਬਣਾਇਆ ਕਿ ਪਤੀ ਨਾਲ ਮਿਲ ਕੇ ਇੱਕ ਕਿਤਾਬ 'ਜੁਗਲਬੰਦੀ' ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਡਾਕਟਰ ਅਨੁਪਮਾ ਗੁਪਤਾ ਨਾਲ 2019 ਵਿੱਚ ਉਸ ਸਮੇਂ ਦੁਰਘਟਨਾ ਵਾਪਰ ਗਈ ਸੀ, ਜਦੋਂ ਉਹ ਸੜਕ ਕਿਨਾਰੇ ਹੋਏ ਇੱਕ ਕਾਰ ਐਕਸੀਡੈਂਟ ਨੂੰ ਵੇਖ ਕੇ ਜ਼ਖ਼ਮੀ ਵਿਅਕਤੀ ਨੂੰ ਬਚਾਉਣ ਲਈ ਗਈ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਬਸ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਹਸਪਤਾਲ ਵਿੱਚ ਜ਼ੇਰੇ ਇਲਾਜ ਡਾ. ਅਨੁਪਮਾ ਦੀਆ ਦੋਵੇਂ ਲੱਤਾਂ ਕੱਟਣੀਆਂ ਪਈਆਂ ਸਨ।
ਜ਼ਿੰਦਗੀ ਦੀ ਅਣਹੋਣੀ ਘਟਨਾ ਨੂੰ ਭੁਲਾਉਂਦਿਆਂ ਡਾਕਟਰ ਅਨੁਪਮਾ ਨੇ ਆਪਣੇ ਪਤੀ ਰਮਨ ਗੁਪਤਾ ਨਾਲ ਮਿਲ ਕੇ ਸਮਾਜ ਨੂੰ ਇੱਕ ਕਿਤਾਬ ਭੇਂਟ ਕੀਤੀ ਹੈ, ਜਿਸ ਵਿੱਚ ਇਸ ਸਮੇਂ ਦੌਰਾਨ ਉਨ੍ਹਾਂ ਕੀ ਕੀਤਾ ਸਾਰਾ ਕੁੱਝ ਸੰਯੋਜਿਤ ਕੀਤਾ ਗਿਆ ਹੈ।
ਡਾ. ਅਨੁਪਮਾ ਨੇ ਦੱਸਿਆ ਕਿ ਇਸ ਕਿਤਾਬ ਦਾ ਨਾਂਅ 'ਜੁਗਲਬੰਦੀ' ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਆਪਣੇ ਪਤੀ ਨਾਲ ਮਿਲ ਕੇ ਸਮਾਜ ਨੂੰ ਸਮਰਪਤ ਕੀਤੀ ਹੈ। ਕਿਤਾਬ ਵਿੱਚ ਉਨ੍ਹਾਂ ਵੱਲੋਂ ਘਟਨਾ ਤੋਂ ਬਾਅਦ ਬਣਾਈਆਂ ਗਈਆਂ ਪੇਂਟਿੰਗਾਂ ਦਾ ਇੱਕ ਪੂਰਨ ਸੰਗ੍ਰਹਿ ਹੈ।
ਉਨ੍ਹਾਂ ਦੱਸਿਆ ਕਿ ਕਿਤਾਬ ਵਿੱਚ ਪਤੀ ਵੱਲੋਂ ਡਾ. ਅਨੁਪਮਾ ਲਈ ਲਿਖੀਆਂ ਕਵਿਤਾਵਾਂ ਵੀ ਹਨ। ਉਨ੍ਹਾਂ ਕਿਹਾ ਕਿ ਉਹ ਸਮਾਜ ਨੂੰ ਇਸ ਕਿਤਾਬ ਰਾਹੀਂ ਸਿਰਫ਼ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਦੁਰਘਟਨਾਵਾਂ ਚਾਹੇ ਜਿੰਨੀਆਂ ਵੀ ਵਾਪਰ ਜਾਣ ਪਰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਜਿਊਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦੇ ਅਗਲੇ ਪਲ ਬਾਰੇ ਕੋਈ ਭਰੋਸਾ ਨਹੀਂ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Amritsar, Inspiration, Life, Life style