ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸ਼ਹਿਰ ਦੇ ਵਿਕਾਸ ਲਈ ਅੱਜ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਅਧੀਨ ਨਗਰ ਨਿਗਮ ਤੇ ਯੂ.ਐਨ.ਡੀ.ਪੀ. ਵੱਲੋਂ ‘ਪਲਾਸਟਿਕ ਮੁਕਤ ਅੰਮ੍ਰਿਤਸਰ’ ਮੁਹਿੰਮ ਦੀ ਸ਼ੁਰੂਆਤ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੀਤੀ ਗਈ। ਇਸ ਦਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਮੁਕਤ ਕਰਵਾਉਣਾ ਹੈ। ਇਸ ਮੁਹਿੰਮ ’ਚ 'ਪਲਾਸਟਿਕ ਲਿਆਉ ਤੇ ਉਪਹਾਰ ਲੈ ਜਾਓ' ਦਾ ਸੱਦਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਹੈ। ਸ਼ਹਿਰ ਵਾਸੀ ਪਲਾਸਟਿਕ ਦਾ ਸਾਮਾਨ ਇਕੱਤਰ ਕਰ ਇਸ ਬੂਥ 'ਤੇ ਦੇਣਗੇ ਅਤੇ ਉਨ੍ਹਾਂ ਨੂੰ ਸਨਮਾਨ ਵਜੋਂ ਤੋਹਫਾ ਦਿੱਤਾ ਜਾਵੇਗਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਸੁਥਰਾ ਅਤੇ ਵਿਕਸਿਤ ਸ਼ਹਿਰ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਲਈ ਸਭ ਤੋਂ ਵੱਡਾ ਖੱਤਰਾ ਬਣ ਰਹੀ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਅਤੇ ਯੂ.ਐਨ.ਡੀ.ਪੀ. ਵੱਲੋਂ ਪਲਾਸਟਿਕ ਮੁਕਤ ਅੰਮ੍ਰਿਤਸਰ ਮੁਹਿੰਮ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸ਼ਹਿਰ ਵਾਸੀ ਵੀ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ।
ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਸਮੇਂ ਜੂਟ ਜਾਂ ਕਪੜੇ ਦੇ ਝੋਲੇ ਦੀ ਵਰਤੋਂ ਕਰਨ ਤਾਂ ਜੋ ਪਲਾਸਟਿਕ ਲਿਫਾਫਿਆਂ ਦੀ ਲੋੜ ਨੂੰ ਮੁੱਢੋ ਹੀ ਖਤਮ ਕੀਤਾ ਜਾ ਸਕੇ। ਇਸ ਮੌਕੇ ਡਾ. ਯੋਗੇਸ਼ ਸ਼ਰਮਾ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਚੀਫ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਖਹਿਰਾ, ਜੇ.ਈ. ਰਮਨ ਕੁਮਾਰ, ਅਰੁਣ ਕੁਮਾਰ, ਪ੍ਰੋਜੈਕਟ ਮੈਨੇਜਰ ਫਿਨਿਸ਼ ਸੁਸਾਇਟੀ, ਮਨਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Mayor, Municipal, Plastic, Swachh Bharat Mission