ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ ਵਿਖੇ ਸਮਾਗਮ ਆਯੋਜਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਹ ਹਮਲਾ 3 ਅਤੇ 4 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ ਸੀ, ਜਿਸ ਦੌਰਾਨ ਡੀਆਈਜੀ. ਮਹਾਸ਼ਾ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਭੇਜੀ ਗਈ ਸੀ। ਉਸ ਸਮੇਂ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਸਨ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਵਰ੍ਹੇ ਇਸ ਹਮਲੇ ਦੀ ਯਾਦ ਪਹਿਲੀ ਵਾਰ ਮਨਾਈ ਗਈ ਸੀ, ਜਿਸ ਦੀ ਲਗਾਤਾਰਤਾ ਵਿਚ ਇਸ ਵਾਰ ਵੀ ਸਮਾਗਮ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਦੱਸਿਆ ਕਿ 2 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਜਿਸ ਦਾ ਭੋਗ 4 ਜੁਲਾਈ ਨੂੰ ਪਵੇਗਾ। ਇਸ ਮੌਕੇ ਹੋਣ ਵਾਲੇ ਸਮਾਗਮ ਵਿਚ ਪੰਥਕ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ ਅਤੇ ਰਾਗੀ, ਢਾਡੀ ਜਥੇ ਹਾਜ਼ਰੀ ਭਰਨਗੇ।
ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹਮੇਸ਼ਾਂ ਹੀ ਹਕੂਮਤਾਂ ਨੇ ਧੱਕਾ ਕੀਤਾ ਹੈ ਜਿਸ ਦੀ ਇਕ ਮਿਸਾਲ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਹਮਲਾ ਸੀ। ਪੰਜਾਬੀ ਸੂਬਾ ਮੋਰਚਾ ਨੂੰ ਦੁਬਾਉਣ ਲਈ ਕੀਤੇ ਗਏ ਇਸ ਹਮਲੇ ਸਮੇਂ ਪੁਲਿਸ ਫੋਰਸ ਬੂਟਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਦਾਖਲ ਹੋਈ ਸੀ। ਇਸ ਦੌਰਾਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ’ਤੇ ਹਮਲਾ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਦੇ ਬਰਾਂਡਿਆਂ ਉਪਰ ਚੜ੍ਹ ਕੇ ਗੋਲੀ ਚਲਾਈ ਗਈ, ਜਿਸ ਨੂੰ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Golden Temple, Punjab