ਨਿਤਿਸ਼ ਸਭਰਵਾਲ,
ਅੰਮ੍ਰਿਤਸਰ: ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਰੇਲਵੇ ਸਟੇਸ਼ਨ ਦੇ ਸਾਹਮਣੇ ਉਸਾਰੀ ਅਧੀਨ ਇਮਾਰਤ 'ਚ ਆ ਰਹੇ 20 ਸਾਲਾ ਪੁਰਾਣੇ ਅੰਬ ਦੇ ਦਰੱਖਤ ਨੂੰ ਪੁੱਟ ਕੇ ਕਾਲਜ ਦੇ ਵਿਹੜੇ 'ਚ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਾਲਜ ਦੇ ਰੋਟਰੈਕਟ ਕਲੱਬ, ਅੰਮ੍ਰਿਤਸਰ ਰੋਟਰੀ ਕਲੱਬ (ਨਾਰਥ), ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਇੰਟਰੈਕਟ ਕਲੱਬ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਤਲੀਘਰ) ਦੇ ਸਾਂਝੇ ਸਹਿਯੋਗ ਨਾਲ ਵਾਤਾਵਰਣ ਦੀ ਸੰਭਾਲ ਅਤੇ ਦਿਨ ਬ ਦਿਨ ਘੱਟ ਰਹੀ ਰੱਖਾਂ ਦੀ ਗਿਣਤੀ ਤਹਿਤ ਇਹ ਨਿਵੇਕਲਾ ਉਪਰਾਲਾ ਕਰਦਿਆਂ ਦਰੱਖਤਾਂ ਨੂੰ ਬਚਾਉਣ ਲਈ ਨਿਮਾਣਾ ਜਿਹਾ ਹੀਲਾ ਕੀਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਤਪਸ਼ ਦਾ ਮੁੱਖ ਕਾਰਨ ਰੁੱਖਾਂ ਦੀ ਗਿਣਤੀ ਦਾ ਘੱਟਣਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਅਤਿ ਆਧੁਨਿਕ ਯੁੱਗ 'ਚ ਵਿਕਾਸ ਦੇ ਨਾਂਅ 'ਤੇ ਬੜੀ ਤੇਜ਼ੀ ਨਾਲ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ, ਰੁੱਖ ਜਿਨ੍ਹਾਂ ਦਾ ਵਾਤਾਵਰਣ 'ਚ ਅਹਿਮ ਯੋਗਦਾਨ ਹੁੰਦਾ ਹੈ, ਜੋ ਮਨੁੱਖ ਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਉਥੇ ਮੌਸਮ ਦੇ ਬਦਲਾਅ 'ਚ ਵੀ ਇਨ੍ਹਾਂ ਦੀ ਮਹੱਤਤਾ ਅਹਿਮ ਹੈ।
ਉਨ੍ਹਾਂ ਕਿਹਾ ਕਿ ਸਮੇਂ ਮੁਤਾਬਕ ਬਦਲਾਅ ਵੀ ਬਹੁਤ ਜ਼ਰੂਰੀ ਹੈ ਪਰ ਜੇਕਰ ਰੁੱਖਾਂ ਦੀ ਕਟਾਈ ਜ਼ਰੂਰੀ ਹੈ ਤਾਂ ਉਸ ਨੂੰ ਯੋਗ ਸਥਾਨ ਵੀ ਲਗਾਇਆ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਆਬੋ ਹਵਾ 'ਚ ਸਾਹ ਲੈ ਸਕੇ। ਕਿਉਂਕਿ ਜੇਕਰ ਰੁੱਖ ਨਹੀਂ ਤਾਂ ਮਨੁੱਖ ਵੀ ਨਹੀਂ।ਇਸ ਲਈ ਹਰੇਕ ਇਨਸਾਨ ਨੂੰ ਇਕ ਨਾ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ, ਜੇਕਰ ਕਿਸੇ ਸਥਾਨ ਤੋਂ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਉਚਿੱਤ ਸਥਾਨ 'ਤੇ ਵੀ ਲਗਾਇਆ ਜਾਣਾ ਚਾਹੀਦਾ ਹੈ । ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਜਿਹੀ ਦੂਰਅੰਦੇਸ਼ੀ ਸੋਚ ਸਦਕਾ ਕਾਲਜ ਵਿਖੇ ਰੇਲਵੇ ਸਟੇਸ਼ਨ ਨਜ਼ਦੀਕ ਰੀਗੋ ਬ੍ਰਿਜ਼ ਤੋਂ ਇਸ ਨੂੰ ਲਿਆ ਕੇ ਕਾਲਜ ਦੇ ਵਿਹੜੇ 'ਚ ਲਗਾਇਆ ਗਿਆ ਹੈ, ਜਿਸ ਦੀ ਪੂਰਨ ਤੌਰ 'ਤੇ ਸੰਭਾਲ ਕਾਲਜ ਦੀ ਰੋਟਰੈਕਟ ਕਲੱਬ ਦੁਆਰਾ ਕੀਤੀ ਜਾਵੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, College, Punjab