ਸਿੱਖ ਪਰਿਵਾਰ ਦੀ ਧੀ ਅਨਮੋਲ ਕੌਰ ਨਾਰੰਗ ਨੇ ਅਮਰੀਕਾ ਵਿਚ ਇਤਿਹਾਸ ਸਿਰਜ ਦਿੱਤਾ ਹੈ। ਅਨਮੋਲ ਕੌਰ ਨਾਰੰਗ ਵੈਸਟ ਪੁਆਇੰਟ ਵਿਖੇ ਯੂਐੱਸ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਸੈਕੰਡ ਲੈਫਟੀਨੈਂਟ ਅਨਮੋਲ ਕੌਰ ਨੂੰ ਹੁਣ ਯੂ.ਐੱਸ ਫ਼ੌਜ ਵਿਚ ਏਅਰ ਡਿਫੈਂਸ ਤੋਪਖਾਨੇ 'ਚ ਨਿਯੁਕਤ ਕੀਤਾ ਗਿਆ ਹੈ।
ਅਨਮੋਲ ਅਮਰੀਕਾ ਦੀ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਦੀ ਪਹਿਲੀ ਸਿੱਖ ਮਹਿਲਾ ਗ੍ਰੈਜੂਏਟ ਹੈ। ਅਨਮੋਲ ਕੌਰ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਮਹਿਲਾ ਵਜੋਂ ਸ਼ਾਮਲ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਵਜੋਂ ਸ਼ਾਮਲ ਹੋਣ ‘ਤੇ ਅਨਮੋਲ ਕੌਰ ਨੂੰ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਅਨਮੋਲ ਕੌਰ ਨਾਰੰਗ ਨੇ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੈਜੂਏਸ਼ਨ ਕਰਕੇ ਅਮਰੀਕੀ ਫ਼ੌਜ ਵਿਚ ਹਾਜ਼ਰੀ ਦਰਜ ਕੀਤੀ ਹੈ।
ਉਸ ਦੀ ਇਸ ਪ੍ਰਾਪਤੀ ‘ਤੇ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ। ਲੌਂਗੋਵਾਲ ਨੇ ਅਨਮੋਲ ਕੌਰ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਅੱਜ ਦੇਸ਼ ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ। ਇਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।