ਰਾਜਪੁਰਾ: ਪੰਜਾਬ ਵਿੱਚ ਜਿਸ ਪਾਰਟੀ ਕੋਲ ਮਾਫੀਆ, ਡਰੱਗ ਜਾਂ ਨਫਰਤ ਭਰੇ ਦੇਹ ਵਪਾਰ ਦੇ ਧੰਦੇ ਰੋਕਣ ਦੀ ਕਮਾਂਡ ਹੈ ਅੱਜ ਉਹੀ ਹੀ ਪਾਰਟੀ ਆਪਣੇ ਚਹੇਤਿਆਂ ਰਾਹੀਂ ਧੰਦੇ ਚਲਾ ਰਹੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕਾਂ ਦੇ ਕਰੀਬੀਆਂ ਨੇ ਹੁਣ ਡਰੱਗ ਅਤੇ ਦੇਹ ਵਪਾਰ ਦੇ ਨਫਰਤ ਵਾਲੇ ਧੰਦੇ ਵੀ ਚਲਾਉਣਾ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਅੱਜ ਇਥੇ ਬੁਲਾਈ ਗਈ ਇਕ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਖਜ਼ਾਨਚੀ ਨੀਨਾ ਮਿੱਤਲ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਇਕ ਹੋਟਲ ਦਾ ਪਰਦਾਫਾਸ ਕੀਤਾ ਜਿੱਥੇ ਡਰੱਗ ਅਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਇਸ ਪਰਦਾਫਾਸ ਹੋਣ ਨਾਲ ਇਹ ਵੀ ਸਾਹਮਣੇ ਆ ਗਿਆ ਹੈ ਕਿ ਇਨ੍ਹਾਂ ਸਾਰੇ ਗੈਰ ਕਾਨੂੰਨੀ ਧੰਦਿਆਂ ਵਿੱਚ ਕਾਂਗਰਸ ਦੇ ਆਗੂ ਸ਼ਾਮਲ ਹਨ। ਇਸ ਵਿਚ ਸ਼ਾਮਲ ਹੁਣ ਤੱਕ ਕਰੀਬ 70 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਫੜ੍ਹਿਆ ਗਿਆ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਹੋਟਲ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਵਿਨੋਦ ਅਰੋੜਾ ਵੱਲੋਂ ਚਲਾਇਆ ਜਾ ਰਿਹਾ ਸੀ। ਵਿਨੋਦ ਅਰੋੜਾ ਦੇ ਨਾਲ ਤਿੰਨ ਹੋਰ ਸਾਥੀ ਅਸ਼ਵਨੀ ਕਪੂਰ ਉਰਫ ਮਿਕੀ ਕਪੂਰ, ਦੀਪਕ ਮਲਹੋਤਰਾ ਅਤੇ ਵਿਵੇਕ ਮਲਹੋਤਰਾ ਵੀ ਪੁਲਿਸ ਨੇ ਕਾਬੂ ਕੀਤੇ ਹਨ।
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਇਹ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਆਪਣੇ ਮਿੱਤਰਾਂ ਵਿੱਚ ਰੁਝੇ ਹੋਏ ਹਨ ਅਤੇ ਆਪਣੇ ਨਜ਼ਦੀਕੀ ਦੇ ਵਿਅਕਤੀਆਂ ਨੂੰ ਮਾਫੀਆ ਅਤੇ ਦੇਹ ਵਪਾਰ ਵਰਗੇ ਧੰਦੇ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜੋ ਨਫਰਤ ਵਾਲਾ ਕੰਮ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿਕਾਸ ਕਰਾਉਣ ਪੱਖੋਂ ਹੀ ਫੇਲ੍ਹ ਨਹੀਂ ਹੋਏ, ਸਗੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਵੀ ਫੇਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਸਹਿਯੋਗੀ ਪੂਰੇ ਪੰਜਾਬ ਵਿੱਚ ਆਪਣਾ ਮਾਫੀਆ ਰਾਜ ਚਲਾ ਰਹੇ ਹਨ ਅਤੇ ਕੈਪਟਨ ਇਸ ਤੱਥ ਤੋਂ ਅਣਜਾਣ ਬਣਨ ਦਾ ਨਾਟਕ ਕਰ ਰਹੇ ਹਨ।
ਉਨ੍ਹਾਂ ਇਸ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਚਾਰੇ ਦੋਸ਼ੀ ਮਹਾਰਾਣੀ ਪ੍ਰਨੀਤ ਕੌਰ, ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਕਾਂਗਰਸ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਦੇ ਕਰੀਬੀ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਇਸ ਸਬੰਧੀ ਦਸਤਾਵੇਜ ਹਨ ਕਿ ਆਰੋਪੀ ਕਾਂਗਰਸੀ ਆਗੂਆਂ ਦੇ ਕਰੀਬੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਆਪਣੇ ਗੁਆਂਢ ਵਿੱਚ ਚਲ ਰਹੇ ਅਪਰਾਧ ਨੂੰ ਨਜ਼ਰਅੰਦਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਫੇਲ੍ਹ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀ-ਭਾਜਪਾ ਸਰਕਾਰ ਸਮੇਂ ਮਾਫੀਆ ਰਾਜ ਚੱਲਦਾ ਰਿਹਾ ਹੈ, ਅੱਜ ਕਾਂਗਰਸ ਦੀ ਸਰਕਾਰ ਦੇ ਆਗੂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਛੋਟੇ ਦੋਸ਼ੀ ਗ੍ਰਿਫਤਾਰ ਹੋ ਜਾਂਦੇ ਹਨ, ਜਦੋਂ ਕਿ ਵੱਡੇ ਮਗਰਮੱਛ ਬਾਹਰ ਰਹਿ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਥਾਨਕ ਚੋਣਾਂ ਦੌਰਾਨ ਸੂਬੇ ਵਿੱਚ ਚੱਲ ਰਹੇ ਜੰਗਲ ਰਾਜ ਦੇ ਮੁੱਦੇ ਨੂੰ ਚੁੱਕ ਰਹੀ ਹੈ। ਇਸੇ ਕਰਕੇ ਹੀ ਸੂਬੇ ਵਿੱਚ ਮਾਫੀਆ ਰਾਜ ਚਲਾ ਰਹੇ ਕਾਂਗਰਸ ਦੇ ਗੁੰਡਿਆਂ ਨੇ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਸਾਡੀ ਪਾਰਟੀ ਸੱਚ ਉੱਤੇ ਚਟਾਨ ਵਾਂਗ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਥਾਨਕ ਸਰਕਾਰਾਂ ਦੀਆਂ ਚੋਣ ਹਰ ਥਾਂ ਉੱਤੇ ਲੜੀ ਜਾ ਰਹੀ ਅਤੇ ਬਨੂੜ ਵਿੱਚ ਵਿਸ਼ਸ਼ ਤੌਰ ਉੱਤੇ ਗੰਦੀ ਰਾਜਨੀਤੀ ਕਰਨ ਵਾਲੇ ਵਿਅਕਤੀਆਂ ਦਾ ਸਫਾਇਆ ਕਰ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Sex racket