ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਿਮਾਰੀ ਉਨਾਂ ਥਾਵਾਂ ‘ਤੇ ਸਭ ਤੋਂ ਆਮ ਹੁੰਦੀ ਹੈ ਜਿੱਥੇ ਸਫਾਈ ਤੇ ਸਵੱਛਤਾ ਦੇ ਪ੍ਰਬੰਧ ਪੁਖਤਾ ਨਾ ਹੋਣ। ਹੈਜੇ ਕਾਰਨ ਕਿਸੇ ਕਿਸਮ ਦਾ ਕੋਈ ਪ੍ਰਕੋਪ ਫੈਲਣ ਦੇ ਮੱਦੇਨਜ਼ਰ ਮੈਡੀਕਲ ਟੀਮ ਅਤੇ ਐਂਬੂਲੈਂਸ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ (file photo)

ਹੈਜ਼ੇ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ : ਬਲਬੀਰ ਸਿੱਧੂ (file photo)

 • Share this:
  ਚੰਡੀਗੜ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਦੱਸਿਆ ਕਿ ਜਿੱਥੇ ਵੀ ਹੈਜ਼ਾ ਫੈਲਣ ਸਬੰਧੀ ਕੋਈ ਖ਼ਬਰ ਸਾਹਮਣੇ ਆਉਂਦੇ ਸਾਰ ਹੀ ਸੂਬਾ ਸਰਕਾਰ ਵਲੋਂ ਪੂਰੀ ਗਤੀ ਨਾਲ ਘਰ -ਘਰ ਜਾ ਕੇ ਸਰਵੇਖਣ , ਪੀਣ ਵਾਲੇ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ. (ਓਰਲ ਰੀਹਾਈਡ੍ਰੇਸ਼ਨ ਸਲਿਊਸ਼ਨ) ਘੋਲ ਦੇ ਪੈਕੇਟ ਵੰਡੇ ਗਏ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਬਾਰੇ ਮੁਢਲੇ ਪੜਾਅ ‘ਤੇ ਹੀ ਰੋਕਥਾਮ ਕਰਨ ਲਈ ਜਾਗਰੂਕ ਹੋਣ ਦੀ ਲੋੜ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਿਹਤ ਵਿਭਾਗ ਇਸ ਬਿਮਾਰੀ ਦੇ ਫੈਲਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਵੀ ਹੈਜੇ ਤੋਂ ਬਚਾਉਣ ਸਬੰਧੀ ਉਪਾਵਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ।

  ਸ. ਸਿੱਧੂ ਨੇ ਕਿਹਾ ਕਿ ਹੈਜਾ , ‘ਵਿਬਰਿਓ ਕੌਲਰਾ ਬੈਕਟੀਰੀਆ’ ਨਾਲ ਅੰਤੜੀ ਦੇ ਸੰਕਰਮਣ ਕਾਰਨ ਹੋਣ ਵਾਲੀ ਇੱਕ ਗੰਭੀਰ ਦਸਤ ਦੀ ਬਿਮਾਰੀ ਹੈ। ਹੈਜਾ ਬੈਕਟੀਰੀਆ ਨਾਲ ਦੂਸ਼ਿਤ ਭੋਜਨ ਜਾਂ ਪਾਣੀ ਪੀਣ ਤੋਂ ਬਾਅਦ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨਾਂ ਕਿਹਾ ਕਿ ਲਾਗ (ਇਨਫੈਕਸ਼ਨ ) ਅਕਸਰ ਹਲਕੀ ਜਾਂ ਬਿਨਾਂ ਲੱਛਣਾਂ ਦੀ ਹੁੰਦੀ ਹੈ, ਪਰ ਕਈ ਵਾਰ ਇਹ ਗੰਭੀਰ ਅਤੇ ਜਾਨਲੇਵਾ ਹੋ ਸਕਦੀ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਗੰਭੀਰ ਪਾਣੀ ਵਾਲੇ ਦਸਤ ਆਉਣ ਕਾਰਨ ਲਗਦੀ ਹੈ, ਜਿਸ ਨਾਲ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਹੋ ਸਕਦੀ ਹੈ ਅਤੇ ਜੇ ਇਲਾਜ ਨਾ ਕੀਤਾ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ।

  ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਿਮਾਰੀ ਉਨਾਂ ਥਾਵਾਂ ‘ਤੇ ਸਭ ਤੋਂ ਆਮ ਹੁੰਦੀ ਹੈ ਜਿੱਥੇ ਸਫਾਈ ਤੇ ਸਵੱਛਤਾ ਦੇ ਪ੍ਰਬੰਧ ਪੁਖਤਾ ਨਾ ਹੋਣ। ਹੈਜੇ ਕਾਰਨ ਕਿਸੇ ਕਿਸਮ ਦਾ ਕੋਈ ਪ੍ਰਕੋਪ ਫੈਲਣ ਦੇ ਮੱਦੇਨਜ਼ਰ ਮੈਡੀਕਲ ਟੀਮ ਅਤੇ ਐਂਬੂਲੈਂਸ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

  ਉਨਾਂ ਦੱਸਿਆ ਕਿ ਹੈਜੇ ਦੇ ਲੱਛਣ ਕੁਝ ਘੰਟਿਆਂ ਬਾਅਦ ਜਾਂ ਲਾਗ ਦੇ ਪੰਜ ਦਿਨਾਂ ਬਾਅਦ ਸ਼ੁਰੂ ਹੋ ਜਾਂਦੇ ਹਨ। ਅਕਸਰ ਲੱਛਣ ਹਲਕੇ ਹੁੰਦੇ ਹਨ। ਹੈਜੇ ਨਾਲ ਪੀੜਤ 10 ਵਿਅਕਤੀਆਂ ਵਿੱਚੋਂ 1 ਵਿਅਕਤੀ ਗੰਭੀਰ ਲੱਛਣਾਂ ਦਾ ਸ਼ਿਕਾਰ ਹੁੰਦਾ ਹੈ , ਜਿਸ ਵਿੱਚ ਮਰੀਜ਼ ਨੂੰ ਸੁਰੂਆਤੀ ਪੜਾਵਾਂ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੇ ਦਸਤ ਆਉਂਦੇ ਹਨ, ਕਈ ਵਾਰ ਉਲਟੀਆਂ, ਪਿਆਸ, ਲੱਤਾਂ ਵਿੱਚ ਦਰਦ, ਬੇਚੈਨੀ ਜਾਂ ਚਿੜਚਿੜਾਪਣ ਵਰਗੇ ਲੱਛਣ ਦੇਖੇ ਜਾਂਦੇ ਹਨ।

  ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਿਹਤ ਸੰਭਾਲ ਕਰਮੀਆਂ ਨੂੰ ‘ਵਾਟਰੀ -ਡਾਇਰੀਆ’ ਵਾਲੇ ਮਰੀਜ ਦੀ ਜਾਂਚ ਕਰਦੇ ਸਮੇਂ ਡੀਹਾਈਡਰੇਸ਼ਨ ਦਾ ਪਤਾ ਲਗਾਉਣਾ ਚਾਹੀਦਾ ਹੈ ਜਿਸ ਵਿੱਚ ਦਿਲ ਦੀ ਧੜਕਣ ਵਧਣਾ, ਚਮੜੀ ਵਿੱਚ ਲਚਕਤਾ ਦੀ ਘਾਟ, ਅਤੇ ਬਲੱਡ ਪ੍ਰੈਸ਼ਰ ਦਾ ਘੱਟਣਾ ਆਦਿ ਲੱਛਣ ਸ਼ਾਮਲ ਹਨ। ਗੰਭੀਰ ਹੈਜਾ ਵਾਲੇ ਲੋਕ ਗੰਭੀਰ ਡੀਹਾਈਡਰੇਸ਼ਨ ਦੇ ਸ਼ਿਕਾਰ ਹੁੰਦੇ ਹਨ , ਜਿਸ ਨਾਲ ਗੁਰਦੇ ਫੇਲ ਹੋ ਸਕਦੇ ਹਨ। ਜੇ ਸਮਾਂ ਰਹਿੰਦਿਆਂ ਇਲਾਜ ਨਾ ਕੀਤਾ ਜਾਵੇ, ਗੰਭੀਰ ਡੀਹਾਈਡਰੇਸ਼ਨ ਕਾਰਨ ਕੁਝ ਹੀ ਘੰਟਿਆਂ ਵਿੱਚ ਕੋਮਾ ਅਤੇ ਮੌਤ ਵੀ ਹੋ ਸਕਦੀ ਹੈ।

  ਹੈਜੇ ਦੇ ਇਲਾਜ ਅਤੇ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਹੈਜੇ ਦਾ ਇੱਕ ਟੀਕਾ ਉਪਲਬਧ ਹੈ। ਸੀ.ਡੀ.ਸੀ. ਅਤੇ ਵਿਸ਼ਵ ਸਿਹਤ ਸੰਗਠਨ ਦੋਵਾਂ ਦੇ ਖਾਸ ਦਿਸ਼ਾ ਨਿਰਦੇਸ਼ ਹਨ ਕਿ ਇਹ ਟੀਕਾ ਕਿਸ ਹਾਲਾਤ ਵਿੱਚ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਈ ਵੀ ਉੱਬਲੇ ਹੋਏ ਪਾਣੀ, ਰਸਾਇਣਕ ਤੌਰ ‘ਤੇ ਰੋਗਾਣੂ-ਮੁਕਤ ਪਾਣੀ ਜਾਂ ਬੋਤਲਬੰਦ ਪਾਣੀ ਦੀ ਵਰਤੋਂ ਕਰਕੇ ਆਪਣੀ ਅਤੇ ਪਰਿਵਾਰ ਦੀ ਰੱਖਿਆ ਕਰ ਸਕਦਾ ਹੈ।
  Published by:Ashish Sharma
  First published: