ਅਜ਼ਾਦ ਕਲੱਬ ਚੀਮਾ ਦਾ ਜੱਥਾ 100 ਕੁਵਿੰਟਲ ਸੁੱਕਾ ਬਾਲਣ ਲੈ ਕੇ ਦਿੱਲੀ ਮੋਰਚੇ ਲਈ ਹੋਇਆ ਰਵਾਨਾ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ਲਈ ਲਗਾਤਾਰ ਪਿੰਡਾਂ ਵਿੱਚੋਂ ਕਾਫ਼ਲੇ ਰਵਾਨਾ ਹੋ ਰਹੇ ਹਨ। ਕਿਸਾਨਾਂ ਵਲੋਂ ਜਿੱਥੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਦਿੱਲੀ ਮੋਰਚੇ ਦੇ ਕਿਸਾਨਾਂ ਲਈ ਲਿਜਾਇਆ ਜਾ ਰਿਹਾ ਹੈ। ਉਥੇ ਅੱਜ ਜ਼ਿਲਾ ਬਰਨਲਾ ਦੇ ਪਿੰਡ ਚੀਮਾ ਤੋਂ ਅਜ਼ਾਦ ਸਪੋਰਟਸ ਕਲੱਬ ਦਾ ਜੱਥਾ 100 ਕੁਵਿੰਟਲ ਸੁੱਕਾ ਬਾਲਣ ਲੈ ਕੇ ਦਿੱਲੀ ਨੂੰ ਰਵਾਨਗੀ ਪਾਈ।
ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ ਅਤੇ ਡਾ.ਕਰਮਜੀਤ ਬੱਬੂੁ ਵੜੈਚ ਨੇ ਦੱਸਿਆ ਕਿ ਦਿੱਲੀ ਵਿਖੇ ਕਿਸਾਨਾਂ ਕੋਲ ਰਾਸ਼ਨ ਵੱਡੀ ਪੱਧਰ ’ਤੇ ਪਹੁੰਚ ਰਿਹਾ ਹੈ। ਠੰਢ ਦੇ ਮੌਸਮ ਤੇਜ਼ ਹੋਣ ਕਾਰਨ ਸੁੱਕੇ ਬਾਲਣ ਦੀ ਵੱਧ ਲੋੜ ਹੈ। ਜਿਸਨੂੰ ਧਿਆਨ ਵਿੱਚ ਰੱਖਦਿਆਂ ਕਲੱਬ ਵਲੋਂ ਲੱਕੜਾਂ ਅਤੇ ਪਾਥੀਆਂ ਪਿੰਡ ਵਿੱਚੋਂ ਇਕੱਠੀਆਂ ਕੀਤੀਆਂ ਗਈਆਂ ਹਨ। ਜਿਸਨੂੰ ਟਰੈਕਟਰ ਵਾਲੇ ਵੱਡੇ ਟਰਾਲਿਆਂ ਵਿੱਚ ਭਰ ਕੇ ਦਿੱਲੀ ਲਿਜਾ ਰਹੇ ਹਾਂ।
ਕਲੱਬ ਆਗੂ ਹਰਜਿੰਦਰ ਸਿੰਘ ਗਿਆਨੀ, ਨਵਜੀਤ ਸਿੰਘ ਨਵੀ, ਮਲਕੀਤ ਸਿੰਘ ਚੀਮਾ, ਦਿਲਪ੍ਰੀਤ ਸਿੰਘ ਵੜੈਚ, ਬਲਵੀਰ ਸਿੰਘ ਬੀਰਾ, ਕਾਲਾ ਸਿੰਘ ਗਾਂਧੀਕਾ, ਗੋਬਿੰਦ ਸਿੰਘ, ਅਤੇ ਸੂਰਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸੁੱਕੇ ਬਾਲਣ ਨੂੰ ਟਿੱਕਰੀ ਅਤੇ ਸਿੰਘੂ ਦੇ ਬਾਰਡਰਾਂ ’ਤੇ ਹਰ ਪੜਾਅ ’ਤੇ ਪਹੁੰਚਦਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਕਾਨੂੰਨ ਖੇਤੀ ਅਤੇ ਕਿਸਾਨ ਵਿਰੋਧੀ ਹਨ। ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਪੂਰਨ ਰੂਪ ਵਿੱਚ ਕਾਰਪੋਰੇਟ ਹੱਥਾਂ ਵਿੱਚ ਚਲੀ ਜਾਵੇਗੀ। ਜਿਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਸੁਣਦੇ ਹੋਏ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਜਿੰਨਾਂ ਸਮਾਂ ਇਹ ਕਾਨੂੰਨ ਰੱਦ ਨਹੀਂ ਕਰਦੇ ਕਲੱਬ ਦੇ ਜੱਥੇ ਇਸੇ ਤਰਾਂ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹਿਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala