ਬਰਤਾਨੀਆਂ ਦੀ ਸੰਸਦ ਵੱਲੋਂ ਜਨਗਨਣਾ 2021 ਲਈ ਤਿਆਰ ਕੀਤੇ ਖਰੜੇ ਵਿਚ ਸਿੱਖ ਕੌਮ ਲਈ ਵੱਖਰਾ ਖਾਨਾ ਨਾ ਰੱਖਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਦਭਾਗਾ ਕਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦੋ ਦਹਾਕਿਆਂ ਤੋਂ ਵੱਖਰੀ ਗਿਣਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਾਂ ਦੀ ਮੰਗ ਨੂੰ ਸੰਸਦ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।
ਜਨਗਣਨਾ 2021 ਲਈ ਪ੍ਰਵਾਨ ਕੀਤੇ ਗਏ ਖਰੜੇ ਵਿਚ ਸਿੱਖਾਂ ਨੂੰ ਮੁੜ ਵੱਖਰੀ ਨਸਲ ਦੇ ਤੌਰ ’ਤੇ ਨਹੀਂ ਮੰਨਿਆ ਗਿਆ। ਮੀਡੀਆ ਰਿਪਰਟਾਂ ਅਨੁਸਾਰ ਨੂੰ ਸਿੱਖਾਂ ਦਾ ਵੱਖਰਾ ਖਾਨਾ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਨਾਲ ਧੱਕਾ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪੂਰੀ ਦੁਨੀਆਂ ਅੰਦਰ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਬਰਤਾਨੀਆ ਅੰਦਰ ਵੀ ਸਿੱਖ ਦਹਾਕਿਆਂ ਤੋਂ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾ ਰਹੇ ਹਨ।
ਫ਼ੌਜ ਅਤੇ ਪੇਸ਼ੇਵਰ ਕਿੱਤਿਆਂ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਰਹੀ ਹੈ। ਵਿਸ਼ਵ ਜੰਗ ਵਿਚ ਵੀ ਸਿੱਖਾਂ ਦੀਆਂ ਅਨੇਕਾਂ ਕੁਰਬਾਨੀਆਂ ਹਨ। ਸਿੱਖ ਧਰਮ ਨੂੰ ਖਾਸ ਤੌਰ ’ਤੇ ਨਜ਼ਰਅੰਦਾਜ਼ ਕਰਨਾ ਮੰਦਭਾਗਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਸਿੱਖਾਂ ਦੇ ਯੋਗਦਾਨ ਨੂੰ ਨਕਾਰਨ ਵਾਲੀ ਗੱਲ ਹੈ, ਜਿਸ ਨਾਲ ਬਰਤਾਨੀਆਂ ਦੇ ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾ ਸ਼ੱਕ ਬਰਤਾਨੀਆਂ ਦੇ ਸਿੱਖ ਆਗੂਆਂ ਜਿਨ੍ਹਾਂ ਵਿਚ ਸ. ਤਨਮਨਜੀਤ ਸਿੰਘ ਢੇਸੀ ਤੇ ਬੀਬੀ ਪ੍ਰੀਤ ਕੌਰ ਗਿੱਲ ਵਿਸ਼ੇਸ਼ ਹਨ, ਨੇ ਇਸ ਮਾਮਲੇ ਨੂੰ ਸੰਸਦ ਵਿਚ ਉਭਾਰਿਆ, ਪਰ ਫਿਰ ਵੀ ਸਿੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਭਾਈ ਲੌਂਗੋਵਾਲ ਨੇ ਕਿਹਾ ਕਿ ਬਰਤਾਨੀਆ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ, ਕਿਉਂਕਿ ਹਰ ਧਰਮ ਦੀ ਦੇਸ਼ ਵਿਚ ਸਥਿਤੀ ਬਾਰੇ ਸਪੱਸ਼ਟ ਹੋਣ ਲਈ ਜਨਗਣਨਾ ਵਿਚ ਵੱਖਰਾ ਖਾਨਾ ਜ਼ਰੂਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।