ਕਿਰਨ ਖੇਰ ਤੇ ਕੈਪਟਨ ਦੇ ਮੰਤਰੀ ਵਿਚ ਖੜਕੀ, ਮੁਹਾਲੀ ਆਉਣ 'ਤੇ ਘਿਰਾਓ ਤੇ ਬਾਈਕਾਟ ਦੀ ਚਿਤਾਵਨੀ

ਕਿਰਨ ਖੇਰ ਤੇ ਕੈਪਟਨ ਦੇ ਮੰਤਰੀ ਵਿਚ ਖੜਕੀ, ਮੁਹਾਲੀ ਆਉਣ 'ਤੇ ਘਿਰਾਓ ਤੇ ਬਾਈਕਾਟ ਦੀ ਚਿਤਾਵਨੀ

 • Share this:
  ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮੁਹਾਲੀ ਵਿਚ ਬਣੇ ਹਵਾਈ ਅੱਡੇ ਦੇ ਨਾਂ ਵਿੱਚ ਮੁਹਾਲੀ ਸ਼ਹਿਰ ਦਾ ਨਾਮ ਜ਼ਰੂਰ ਦਰਜ ਹੋਣਾ ਚਾਹੀਦਾ ਹੈ ਅਤੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੀ ਸੰਕੀਰਨ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ।

  ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਕਰਨ ਦੀ ਮੰਗ ਕਰਨ ਵਾਲੀ ਸੰਸਦ ਮੈਂਬਰ ਕਿਰਨ ਖੇਰ ਨੂੰ ਆੜੇ ਹੱਥੀਂ ਲੈਂਦਿਆਂ ਸ. ਸਿੱਧੂ ਨੇ ਕਿਹਾ ਕਿ ਉਹ (ਕਿਰਨ ਖੇਰ) ਆਪਣੀ ਘਟੀਆ ਸੋਚ ਨੂੰ ਜੱਗ ਜ਼ਾਹਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ‘ਕੋਈ ਨਹੀਂ ਜਾਣਦਾ’ ਦੀ ਟਿੱਪਣੀ ਕਰਨ ਵਾਲੀ ਸੰਸਦ ਮੈਂਬਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸ਼ਹਿਰ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਉਤੇ ਵਸਿਆ ਹੈ, ਜੋ ਵੱਡੇ ਨਿਵੇਸ਼ ਧੁਰੇ ਵਜੋਂ ਪੂਰੇ ਵਿਸ਼ਵ ਭਰ ਵਿੱਚ ਉੱਭਰ ਰਿਹਾ ਹੈ। ਮੁਹਾਲੀ ਆਈ.ਟੀ. ਹੱਬ ਵਜੋਂ ਦੇਸ਼ ਦੀ ਅਗਵਾਈ ਕਰਨ ਦੇ ਮੁਹਾਣ ਉਤੇ ਖੜ੍ਹਾ ਹੈ।

  ਕੈਬਨਿਟ ਮੰਤਰੀ ਨੇ ਕਿਹਾ ਕਿ ਕਿਰਨ ਖੇਰ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਕਿ ਚੰਡੀਗੜ੍ਹ ਪੰਜਾਬ ਦੇ 50 ਪਿੰਡਾਂ ਦੀ ਜ਼ਮੀਨ ਉਤੇ ਵਸਿਆ ਹੈ, ਜਿਸ ਵਿੱਚੋਂ 28 ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਵਸਾਇਆ ਗਿਆ। ਉਨ੍ਹਾਂ ਕਿਹਾ ਕਿ ਕਿਰਨ ਖੇਰ ਹੀ ਨਹੀਂ, ਸਗੋਂ ਭਾਜਪਾ ਦੇ ਸਾਰੇ ਆਗੂ ਬੇਥਵੀਆਂ ਮਾਰਨ ਉਤੇ ਉਤਰ ਆਏ ਹਨ ਕਿਉਂਕਿ ਹੁਣ ਦੇਸ਼ ਭਰ ਵਿੱਚੋਂ ਉਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਮਹਾਰਾਸ਼ਟਰ ਤੇ ਹੁਣ ਝਾਰਖੰਡ ਦੇ ਆਏ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ।

  ਹਵਾਈ ਅੱਡੇ ਦੇ ਨਾਂ ਨਾਲ ਮੁਹਾਲੀ ਸ਼ਹਿਰ ਦੇ ਨਾਮ ਜੋੜਨ ਦੀ ਮੰਗ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕਿਰਨ ਖੇਰ ਖ਼ੁਦ ਇਸ ਹਵਾਈ ਅੱਡੇ ਉਤੇ ਉਤਰ ਕੇ ਮੁਹਾਲੀ ਸ਼ਹਿਰ ਵਿੱਚੋਂ ਲੰਘ ਕੇ ਚੰਡੀਗੜ੍ਹ ਜਾਂਦੇ ਹਨ, ਜੇ ਉਨ੍ਹਾਂ ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਦੇ ਨਾਮ ਉਤੇ ਰੱਖਣ ਦੀ ਮੰਗ ਜਾਰੀ ਰੱਖੀ ਤਾਂ ਉਨ੍ਹਾਂ ਦਾ ਇੱਥੇ ਆਉਣ ਉਤੇ ਘਿਰਾਓ ਤੇ ਬਾਈਕਾਟ ਕੀਤਾ ਜਾਵੇਗਾ।
  Published by:Gurwinder Singh
  First published: