ਧੁੰਦ ਅਤੇ ਤੇਜ਼ ਰਫਤਾਰ ਦੇ ਕਾਰਨ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ ਅਤੇ ਇਨ੍ਹਾਂ ਹਾਦਸਿਆਂ ਦੇ ਵਿੱਚ ਕਈ ਮਾਸੂਮ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ ਅਜਿਹਾ ਹੀ ਇੱਕ ਦਰਦਨਾਕ ਹਾਦਸਾ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਵਾਪਰ ਗਿਆ ਜਿੱਥੇ ਹਸਪਤਾਲ ’ਚੋਂ ਦਵਾਈ ਲੈ ਕੇ ਆ ਰਹੇ ਐਕਟਿਵਾ ਸਵਾਰ ਪਿਓ-ਧੀ ਨੂੰ ਘੌੜਾ ਟਰਾਲਾ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ।
ਇਸ ਹਾਦਸੇ ਦੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਬੂਟਾ ਸਿੰਘ ਵਾਲਾ ਦੇ ਪੰਚ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਰਾ ਪਰਮਜੀਤ ਸਿੰਘ ਪੰਮੀ ਆਪਣੀ 20 ਸਾਲਾ ਪੁੱਤਰੀ ਮਨਜੀਤ ਕੌਰ ਨਾਲ ਐਕਟਿਵਾ ’ਤੇ ਹਸਪਤਾਲ ’ਚੋਂ ਦਵਾਈ ਲੈਣ ਗਿਆ ਸੀ। ਪਿਓ-ਧੀ ਜਦੋਂ ਹਸਪਤਾਲ ’ਚੋਂ ਦਵਾਈ ਲੈ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜਲਾਲਪੁਰ ਟੀ-ਪੁਆਇੰਟ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਘੋੜਾ ਟਰਾਲਾ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ’ਚ ਦੋਵੇਂ ਪਿਓ-ਧੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਪਰਮਜੀਤ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ।
ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਪਰਮਜੀਤ ਸਿੰਘ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।ਜਾਂਚ ਅਧਿਕਾਰੀ ਐੱਸ. ਆਈ. ਜਸਵਿੰਦਰਪਾਲ ਸਿੰਘ ਨੇ ਉਨ੍ਹਾਂ ਦੱਸਿਆ ਕਿ ਐਕਟਿਵਾ ਨੂੰ ਟੱਕਰ ਮਾਰਨ ਵਾਲੇ ਘੌੜਾ ਟਰਾਲਾ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੈ ।ਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab, Rajpura, Road accident