ਚੰਡੀਗੜ੍ਹ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿੱਚ ਵੀਸੀ ਦੀ ਨਿਯੁਕਤੀ ਨੂੰ ਲੈਕੇ ਪੰਜਾਬ ਸਰਕਾਰ ਅਤੇ ਰਾਜਪਾਲ ਆਹਮੋ-ਸਾਹਮਣੇ ਹਨ। ਬੀਤੇ ਦਿਨ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਅੰਗਰੇਜੀ ਵਿੱਚ ਚਿੱਠੀ ਭੇਜੀ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਇੱਕ ਚਿੱਠੀ ਪੋਸਟ ਕੀਤੀ ਸੀ, ਜੋ ਪੰਜਾਬੀ ਭਾਸ਼ਾ ਵਿੱਚ ਹੈ। ਅੱਜ ਰਾਜਪਾਲ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਵਾਲੀ ਚਿੱਠੀ ਟਰਾਂਸਲੇਸ਼ਨ ਕਰਵਾ ਲਈ ਹੈ, ਜਿਸ ਵਿੱਚ ਸੀਐਮ ਆਖ ਰਹੇ ਹਨ ਮੈਂ ਕੰਮ ਵਿੱਚ ਦਖਲ ਅੰਦਾਜੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਵੀ ਯੂਨੀਵਰਸਿਟੀ ਦਾ ਚਾਂਸਲਰ ਹਾਂ, ਮੈਨੂੰ ਪਤਾ ਹੈ ਕੰਮ ਕਿਵੇਂ ਕਰਨਾ ਹੈ। ਇਸ ਵਿੱਚ ਸਰਕਾਰ ਦਖਲਅੰਦਾਜੀ ਨਹੀਂ ਕਰ ਸਕਦੀ।
ਇਸ ਮੌਕੇ ਰਾਜਪਾਲ ਬਨਵਾਰੀ ਨੇ ਦੱਸਿਆ ਕਿ ਮੈਂ ਸਾਢੇ ਚਾਰ ਸਾਲ ਤਾਮਿਲਨਾਡੂ ਦਾ ਗਵਰਨਰ ਰਿਹਾ ਹਾਂ। ਤਾਮਿਲਨਾਡੂ 'ਚ VC ਦਾ ਅਹੁਦਾ 50 ਕਰੋੜ 'ਚ ਵਿਕਦਾ ਸੀ, ਮੈਂ ਮੈਰਿਟ 'ਤੇ ਨਿਯੁਕਤੀ ਕੀਤੀ, ਜਿਸ ਦੀ ਤਾਮਿਲਨਾਡੂ ਦੇ ਸੀਐਮ ਸਟਾਲਿਨ ਨੇ ਵੀ ਤਾਰੀਫ ਕੀਤੀ ਸੀ। ਮੈਂ ਤਾਮਿਲਨਾਡੂ ਵਿੱਚ 27 ਚਾਂਸਲਰ ਨਿਯੁਕਤ ਕੀਤੇ ਹਨ। ਰਾਜਪਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਹੈ ਅਤੇ ਮੇਰਾ ਕੰਮ ਸਿੱਖਿਆ ਨੂੰ ਸੁਧਾਰਨਾ ਹੈ। ਪੰਜਾਬ ਸਰਕਾਰ ਕਾਨੂੰਨ ਅਨੁਸਾਰ ਕੁਝ ਨਹੀਂ ਕਰ ਰਹੀ ਹੈ। ਮੈਂ ਆਨਰੇਰੀ ਚੇਅਰਮੈਨ ਹਾਂ, ਤਨਖਾਹ ਨਹੀਂ ਲੈਂਦਾ, ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣਾ ਹੱਕ ਗੁਆ ਲਿਆ ਹੈ।
ਰਾਜਪਾਲ ਨੇ ਅੱਗੇ ਕਿਹਾ ਕਿ ਜੇਕਰ ਬੋਰਡ ਕੋਲ ਅਧਿਕਾਰ ਹੈ ਤਾਂ ਬੋਰਡ ਦਾ ਚੇਅਰਮੈਨ ਚਾਂਸਲਰ ਹੈ, ਬੋਰਡ ਦੀ ਅਗਵਾਈ ਮੁੱਖ ਸਕੱਤਰ ਕਰਦਾ ਹੈ, ਚਾਂਸਲਰ ਨੂੰ ਬੁਲਾਇਆ ਜਾਣਾ ਚਾਹੀਦਾ ਸੀ। ਮਾਨ ਉਤੇ ਵਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਕਿਉਂ ਇਲਜ਼ਾਮ ਲਗਾਉਂਦੇ ਹਨ ਕਿ ਉੱਪਰੋਂ ਹੁਕਮ ਹਨ, ਮੈਨੂੰ ਕੌਣ ਹੁਕਮ ਦੇਵੇਗਾ, ਮੈਂ ਸਭ ਤੋਂ ਸੀਨੀਅਰ ਹਾਂ। ਮੈਂ ਅਜਿਹਾ ਕੋਈ ਸ਼ਬਦ ਨਹੀਂ ਵਰਤਦਾ, ਪਰ ਕਰ ਸਕਦਾ ਹਾਂ, ਪਰ ਇੱਜ਼ਤ ਨੂੰ ਕਾਇਮ ਰੱਖਣਾ ਮੇਰਾ ਕੰਮ ਹੈ। ਮੇਰੇ ਆਉਣ ਤੋਂ ਬਾਅਦ ਰਾਜ ਭਵਨ ਦਾ ਖਰਚ ਅੱਧਾ ਰਹਿ ਗਿਆ ਹੈ, ਇਹ ਜਨਤਾ ਦਾ ਪੈਸਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਵਾਈਸ ਚਾਂਸਲਰ ਦੀ ਨਿਯੁਕਤੀ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਿਹਾ ਘਰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਕੁਝ ਵੀ ਹੋ ਸਕਦਾ ਹੈ। VC ਨੂੰ ਨਾ ਹਟਾਇਆ ਗਿਆ ਤਾਂ ਕਾਨੂੰਨੀ ਰਾਏ ਲੈਣੀ ਪਵੇਗੀ, ਮੈਂ 2 ਚਿੱਠੀਆਂ ਦੇ ਮੁੱਦੇ 'ਤੇ FIR ਦਰਜ ਕਰਵਾਉਣ ਦਾ ਇੱਛੁਕ ਨਹੀਂ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Banwarilal Purohit, Bhagwant Mann, Governor