ਬਰਨਾਲਾ - ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 360 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਭਲਕੇ 27 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਧਰਨੇ 'ਚ ਬੁਲਾਰਿਆਂ ਨੇ ਭਾਰਤ ਬੰਦ ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਬਾਰੀਕੀ ਤੇ ਠੋਸ ਵੇਰਵੇ ਕਾਰਕੁੰਨਾਂ ਨਾਲ ਸਾਂਝੇ ਕੀਤੇ। ਆਮ ਲੋਕਾਂ ਨੂੰ ਸਿਰਫ ਅਣਸਰਦੇ ਹਾਲਾਤ 'ਚ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਜਾਵੇ ਤਾਂ ਜੁ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਖਾਸ ਖਿਆਲ ਰੱਖਿਆ ਜਾਵੇਗਾ।ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ, ਫਾਇਰ ਬ੍ਰਿਗੇਡ, ਸ਼ਾਦੀ/ਮੌਤ ਤੇ ਹੋਰ ਜਰੂਰੀ ਸਮਾਜਿਕ ਸਮਾਗਮ, ਹਸਪਤਾਲ ਤੇ ਦਵਾਈ ਦੁਕਾਨਾਂ ਨੂੰ ਬੰਦ ਤੋਂ ਛੋਟ ਰਹੇਗੀ।
ਬੁਲਾਰਿਆਂ ਨੇ ਦੱਸਿਆ ਕਿ ਸਵੇਰੇ ਛੇ ਵਜੇ ਵਾਲੀ ਟਰੇਨ ਬਰਨਾਲਾ ਸਟੇਸ਼ਨ 'ਤੇ ਰੋਕੀ ਜਾਵੇਗੀ। ਮਹਿਲ ਕਲਾਂ, ਸਹਿਜੜਾ, ਰਿਲਾਇੰਸ ਪੰਪ ਸੰਘੇੜਾ, ਧਨੌਲਾ, ਹੰਢਿਆਇਆ, ਰੂੜੇਕੇ, ਤਪਾ, ਭਦੌੜ, ਪੱਖੋ ਕੈਂਚੀਆਂ, ਅਸਪਾਲਾਂ ਆਦਿ 12 ਤੋਂ ਵੱਧ ਥਾਵਾਂ 'ਤੇ ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ। ਜਾਮ ਵਿੱਚ ਫਸੇ ਲੋਕਾਂ ਦੇ ਭੋਜਨ,ਪਾਣੀ ਤੇ ਹੋਰ ਲੋੜੀਂਦੀਂਆਂ ਜਰੂਰੀ ਸਹੂਲਤਾਂ ਦਾ ਖਿਆਲ ਰੱਖਿਆ ਜਾਵੇਗਾ। ਅੱਜ ਧਰਨੇ ਨੂੰ ਨਛੱਤਰ ਸਿੰਘ ਸਹੌਰ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਬਲਵੀਰ ਕੌਰ ,ਧਰਮਪਾਲ ਕੌਰ, ਹਰਚਰਨ ਚੰਨਾ, ਬਾਬੂ ਸਿੰਘ ਖੁੱਡੀ, ਗੁਰਨਾਮ ਸਿੰਘ ਠੀਕਰੀਵਾਲਾ, ਰਣਧੀਰ ਸਿੰਘ ਰਾਜਗੜ੍ਹ, ਗੋਰਾ ਸਿੰਘ ਢਿਲਵਾਂ ਤੇ ਬਲਜੀਤ ਚੌਹਾਨਕੇ ਨੇ ਸੰਬੋਧਨ ਕੀਤਾ। ਆਮ ਲੋਕਾਂ ਨੂੰ ਹੋਣ ਵਾਲੀ ਕਿਸੇ ਸੰਭਾਵੀ ਪ੍ਰੇਸ਼ਾਨੀ ਲਈ ਅਗਾਊਂ ਖੇਦ ਪਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਬੰਦ ਕਰਨਾ ਸਾਡਾ ਕੋਈ ਸ਼ੌਕ ਨਹੀਂ, ਮਜ਼ਬੂਰੀ ਹੈ। ਕਿਸਾਨ ਸਾਲ ਭਰ ਤੋਂ ਸੰਘਰਸ਼ ਕਰ ਰਹੇ ਹਨ, ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ।ਜੇਕਰ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਿਰਫ ਸਾਡਾ ਖੇਤੀ ਖੇਤਰ ਹੀ ਤਬਾਹ ਹੋਵੇਗੀ, ਸਾਡਾ ਸਭਿਆਚਾਰ ਵੀ ਖਤਮ ਹੋ ਜਾਵੇਗਾ। ਅਸੀਂ ਹੁਣ ਤੱਕ ਆਪਣੇ ਅੰਦੋਲਨ ਨੂੰ ਇਸ ਢੰਗ ਨਾਲ ਚਲਾਇਆ ਹੈ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ। ਸਾਰੀਆਂ ਕੁਦਰਤੀ ਦੁਸ਼ਵਾਰੀਆਂ ਅਸੀਂ ਆਪਣੇ ਪਿੰਡਿਆਂ 'ਤੇ ਝੱਲੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਆਮ ਲੋਕ ਸਾਨੂੰ ਪੂਰਨ ਸਹਿਯੋਗ ਦੇਣਗੇ ਕਿਉਂਕਿ ਇਹ ਖੇਤੀ ਕਾਨੂੰਨ ਉਨ੍ਹਾਂ ਲਈ ਵੀ ਘਾਤਕ ਹਨ।
ਅੱਜ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਨੈਬ ਸਿੰਘ ਕਾਲਾ ਆਪਣੇ ਸਾਥੀਆਂ ਸਮੇਤ ਕਿਸਾਨ ਧਰਨੇ 'ਚ ਪਹੁੰਚੇ ਅਤੇ ਵਪਾਰ ਮੰਡਲ ਵੱਲੋਂ ਭਾਰਤ ਬੰਦ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਹੋਇਆ ਧਰਨਾ ਆਪਣੇ 361ਵੇਂ ਦਿਨ ਵੀ ਜਾਰੀ ਰਿਹਾ ਜਿਸ ਨੂੰ ਮੇਜਰ ਸਿੰਘ, ਮੱਘਰ ਸਿੰਘ, ਨਾਜ੍ਹਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਅੱਜ ਨੇ ਪਕੌੜਿਆਂ ਦੇ ਲੰਗਰ ਦੀ ਸੇਵਾ ਕੀਤੀ। ਬੀਰਾ ਸਿੰਘ ਸੇਖਾ ਨੇ ਇਨਕਲਾਬੀ ਗੀਤ ਸੁਣਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Barnala, Bharat Band, Farmers Protest