ਆਸ਼ੀਸ਼ ਸ਼ਰਮਾ
ਬਰਨਾਲਾ: ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਰੇਲਵੇ ਸਟੇਸ਼ਨ 'ਤੇ ਲਾਏ ਧਰਨੇ ਦਾ ਅੱਜ ਆਖਰੀ ਦਿਨ ਸੀ। ਅੱਜ ਸਵੇਰੇ ਤੋਂ ਹੀ ਧਰਨੇ ਵਾਲੀ ਥਾਂ 'ਤੇ ਵਿਆਹ ਵਰਗਾ ਮਾਹੌਲ ਸੀ। ਲੱਡੂ,ਜਲੇਬੀਆਂ,ਪਕੌੜਿਆਂ ਦੀਆਂ ਖੁਸ਼ਬੋਆਂ ਫੈਲ ਰਹੀਆਂ ਸਨ। ਅੱਜ ਧਰਨੇ ਵਿੱਚ ਰਿਕਾਰਡ ਤੋੜ ਇਕੱਠ ਸੀ।
ਬੁਲਾਰਿਆਂ ਨੇ ਕਿਹਾ ਕਿ ਇਤਿਹਾਸਕ ਜਿੱਤ ਬਾਅਦ ਭਾਵੇਂ ਅੱਜ ਅਸੀਂ ਇਹ ਧਰਨਾ ਖਤਮ ਕਰ ਰਹੇ ਹਾਂ ਪਰ ਅਸੀਂ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਇਹ ਲੜਾਈ ਹੀ ਜਿੱਤੀ ਹੈ, ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੂਰੀ ਤਰ੍ਹਾਂ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ। ਇਸ ਜੰਗ ਲਈ ਸਾਨੂੰ ਹੋਰ ਵੀ ਵਧੇਰੇ ਵਿਸ਼ਾਲ ਏਕਾ ਉਸਾਰਨਾ ਪਵੇਗਾ।
ਧਰਨੇ ਤੋਂ ਬਾਅਦ ਸ਼ਹਿਰ ਦੇ ਬਾਜਾਰਾਂ ਵਿਚੋਂ ਦੀ ਹੁੰਦਾ ਹੋਇਆ ਡੀ ਸੀ ਦਫਤਰ ਬਰਨਾਲਾ ਤੱਕ ਵਿਸ਼ਾਲ ਫਤਹਿ ਮਾਰਚ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ, ਨੌਜਵਾਨਾਂ, ਬੱਚਿਆਂ ਨੇ ਗਿੱਧਾ, ਭੰਗੜਾ ਪਾਉਂਦੇ ਹੋਏ ਵਿਸ਼ਾਲ ਪੈਦਲ ਮਾਰਚ ਕੀਤਾ।
ਸ਼ਹੀਦ ਭਗਤ ਸਿੰਘ ਚੌਕ ਵਿੱਚ ਲਗਾਤਾਰ ਅੱਧਾ ਘੰਟਾ ਗਿੱਧੇ ਤੇ ਭੰਗੜੇ ਦੀ ਧਮਾਲ ਪੈਂਦੀ ਰਹੀ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਨਛੱਤਰ ਸਿੰਘ ਸਾਹੌਰ, ਗੁਰਮੀਤ ਸੁਖਪਰ, ਗੁਰਮੇਲ ਸ਼ਰਮਾ, ਜਗਸੀਰ ਸਿੰਘ ਛੀਨੀਵਾਲ, ਪਵਿੱਤਰ ਸਿੰਘ ਲਾਲੀ, ਹਰਚਰਨ ਸਿੰਘ ਚੰਨਾ, ਬਿੱਕਰ ਸਿੰਘ ਔਲਖ, ਬਾਬੂ ਸਿੰਘ ਖੁੱਡੀ, ਗੁਰਵਿੰਦਰ ਸਿੰਘ ਕਾਲੇਕਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ,ਗੁਰਨਾਮ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਇੰਨੇ ਲੰਬੇ ਅਰਸੇ ਲਈ ਧਰਨੇ ਵਿੱਚ ਜਾਬਤਾਬੱਧ ਸ਼ਮੂਲੀਅਤ ਲਈ ਸਭ ਧਰਨਾਕਾਰੀਆਂ ਦਾ ਧੰਨਵਾਦ ਕੀਤਾ। ਬੀਬੀਆਂ ਦੀ ਵੱਡੀ ਸ਼ਮੂਲੀਅਤ ਇਸ ਧਰਨੇ ਦੀ ਖਾਸ ਵਿਲੱਖਣਤਾ ਰਹੀ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਧਰਨਾਕਾਰੀਆਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਪਿੰਡਾਂ ਵਿੱਚ ਵੀ ਆਪਣਾ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਆਖੀਰ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਧਰਨਾਕਾਰੀਆਂ ਦਾ ਬਹੁਤ ਬਹੁਤ ਧੰਨਵਾਦ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।