ਆਸ਼ੀਸ਼ ਸ਼ਰਮਾ
ਬਰਨਾਲਾ: ਭਾਰਤ ਮਾਲਾ ਪ੍ਰੋਜੈਕਟ ਐਨ ਐੱਚ 754 ਏ ਡੀ ਗਰੀਨ ਫੀਲਡ ਲੁਧਿਆਣਾ ਤੋਂ ਬਠਿੰਡਾ ਲਈ ਜ਼ਮੀਨ ਅਕਵਾਇਰ ਕਰਨ ਖਿਲਾਫ਼ ਕਿਸਾਨਾਂ ਅੰਦਰ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਬਾਰੇ ਡੀਸੀ ਦਫਤਰ ਅੱਗੇ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਗਸੀਰ ਸਿੰਘ, ਦਰਸ਼ਨ ਸਿੰਘ ਮਹਿਤਾ, ਜਗਰੂਪ ਸਿੰਘ ਗਹਿਲ, ਅਮਨਦੀਪ ਸਿੰਘ ਟਿੰਕੂ, ਵਜੀਰ ਸਿੰਘ ਆਦਿ ਨੇ ਦੱਸਿਆ ਕਿ ਪ੍ਰੋਜੈਕਟ ਲਈ ਬਰਨਾਲਾ ਜਿਲ੍ਹੇ ਦੇ 13 ਪਿੰਡਾਂ ਦੀ ਸੈਂਕੜੇ ਏਕੜ ਉਪਜਾਊ ਜ਼ਮੀਨ ਜਬਰੀ ਹੜੱਪੀ ਜਾ ਰਹੀ ਹੈ।
ਇਹ ਜਮੀਨ ਅਕਵਾਇਰ ਕਰਨ ਲਈ ਜਨਵਰੀ 2021 ਤੋਂ ਕਾਰਵਾਈ ਚੱਲ ਰਹੀ ਹੈ। ਉਸੇ ਸਮੇਂ ਤੋਂ ਪ੍ਭਾਵਿਤ ਹੋਣ ਵਾਲੇ ਪਿੰਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਲ੍ਹਾ ਪੑਸ਼ਾਸਨ ਖਿਲਾਫ਼ ਸੰਘਰਸ਼ ਕਰ ਰਹੇ ਹਨ। ਸੰਘਰਸ਼ ਕਮੇਟੀ ਵੱਲੋਂ ਜਬਰੀ ਜਮੀਨ ਅਕਵਾਇਰ ਕਰਨ ਨਾਲ ਪ੍ਭਾਵਿਤ ਹੋਣ ਵਾਲੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਲਿਖਤੀ ਰੂਪ 'ਚ ਮੰਗ ਪੱਤਰ ਦਿੱਤਾ ਸੀ।
ਅੱਜ ਜਿਲ੍ਹਾ ਮਾਲ ਅਫ਼ਸਰ ਬਰਨਾਲਾ ਦੇ ਦਸਖਤਾਂ ਹੇਠ ਸੰਘਰਸ਼ ਕਮੇਟੀ ਨੂੰ ਡੀਸੀ ਬਰਨਾਲਾ ਨਾਲ ਲਿਖਤੀ ਮੀਟਿੰਗ ਦਾ ਸੱਦਾ ਪੱਤਰ ਭੇਜਿਆ ਸੀ। ਅੱਜ ਸੈਂਕੜੇ ਕਿਸਾਨ ਡੀਸੀ ਦਫਤਰ ਪਹੁੰਚੇ ਹੋਏ ਸਨ। ਪਰ ਡੀਸੀ ਦਫਤਰ ਵੱਲੋਂ ਬਿਨਾਂ ਕਿਸੇ ਅਗਾਊਂ ਸੂਚਨਾ ਰੱਦ ਕਰ ਦਿੱਤੀ। ਆਗੂਆਂ ਕਿਹਾ ਕਿ ਜਿਲ੍ਹਾ ਪੑਸ਼ਾਸਨ ਅਜਿਹਾ ਕਰਕੇ ਕਿਸਾਨਾਂ ਦੇ ਜਖਮਾਂ 'ਤੇ ਲੂਣ ਭੁੱਕ ਰਿਹਾ ਹੈ। ਕੌਡੀਆਂ ਦੇ ਭਾਅ ਸਾਡੀਆਂ ਜਮੀਨਾਂ ਅਕਵਾਇਰ ਕਰਕੇ ਸੜਕੀ ਆਵਾਜਾਈ ਦੀਆਂ ਸਹੂਲਤਾਂ ਦੇ ਨਾਂ ਹੇਠ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ।
ਜ਼ਮੀਨ ਦੇ ਮਾਰਕੀਟ ਰੇਟ ਸਰਕਾਰ ਵੱਲੋਂ ਤੈਅਸ਼ੁਦਾ ਰੇਟਾਂ ਨਾਲੋਂ ਕਈ ਗੁਣਾਂ ਵੱਧ ਚੱਲ ਰਹੇ ਹਨ। ਇਹ ਸੜਕ ਨਿਕਲਣ ਨਾਲ ਪਹਿਲਾਂ ਹੀ ਛੋਟੇ ਛੋਟੇ ਟੋਟਿਆਂ ਵਿੱਚ ਵੰਡੀ ਜਮੀਨ ਦੋ ਦੋ ਟੋਟਿਆਂ ਵਿੱਚ ਵੰਡੀ ਜਾਵੇਗੀ। ਜਿਸ ਲਈ ਪਾਣੀ, ਰਸਤੇ ਆਦਿ ਦਾ ਕੋਈ ਪੑਬੰਧ ਨਹੀਂ ਬਚੇਗਾ। ਅਕਵਾਇਰ ਹੋਣ ਤੋਂ ਬਾਅਦ ਬਚੀ ਜਮੀਨ ਉੱਪਰ ਵੀ ਖੇਤੀ ਕਰਨਾ ਬਹੁਤ ਮੁਸ਼ਕਿਲ ਹੋਵੇਗਾ।
ਆਗੂਆਂ ਮੰਗ ਕੀਤੀ ਕਿ ਜਬਰੀ ਜ਼ਮੀਨ ਅਕਵਾਇਰ ਕਰਨ ਵਾਲਾ ਐਵਾਰਡ ਰੱਦ ਕੀਤਾ ਜਾਵੇ। ਸੰਘਰਸ਼ ਕਮੇਟੀ ਨਾਲ ਜਲਦ ਮੀਟਿੰਗ ਕਰਕੇ ਮਸਲੇ ਹੱਲ ਕੀਤੇ ਜਾਣ, ਨਹੀਂ ਤਾਂ ਜਲਦ ਹੀ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਜਿਸ ਦੀ ਸਮੁੱਚੀ ਜਿੰਮੇਵਾਰੀ ਜਿਲ੍ਹਾ ਪੑਸ਼ਾਸ਼ਨ ਦੀ ਹੋਵੇਗੀ। ਡੀਸੀ ਬਰਨਾਲਾ ਦੇ ਦਫਤਰ ਵਿੱਚ ਮੌਜੂਦ ਨਾਂ ਹੋਣ ਕਾਰਨ ਡੀਐਸਪੀ ਬਰਨਾਲਾ ਰਜੇਸ਼ ਸਨੇਹੀ ਨੇ ਮੰਗ ਪੱਤਰ ਹਾਸਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਲਦ ਡੀਸੀ ਬਰਨਾਲਾ ਨਾਲ ਗੱਲਬਾਤ ਕਰਕੇ ਮੀਟਿੰਗ ਕਰਵਾਈ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Farmers Protest, Punjab farmers