ਬਰਨਾਲਾ ਸ਼ਹਿਰ ਵਿੱਚ ਪੁਲਿਸ ਨੂੰ ਉਸ ਸਮੇਂ ਮਿਲੀ ਵੱਡੀ ਸਫਲਤਾ, ਜਦੋਂ ਕਈ ਕ੍ਰਾਈਮ ਦੇ ਮਾਮਲਿਆਂ ਨਾਲ ਸਬੰਧਤ 19 ਮੁਲਜ਼ਮ ਕਾਬੂ ਕਰ ਲਏ। ਪੁਲਿਸ ਨੇ ਇੱਕ ਰਾਈਸਮਿਲ ਤੋਂ ਬਾਰਦਾਨਾ ਚੋਰੀ ਕਰਨ ਵਾਲੇ 12 ਚੋਰਾਂ ਤੋਂ ਇਲਾਵਾ ਬੀਤੇ ਦਿਨੀਂ ਬਰਨਾਲਾ ਸ਼ਹਿਰ ਵਿੱਚ ਗੁੰਡਾਗਰਦੀ ਕਰਨ ਵਾਲੇ 7 ਲੋਕਾਂ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਹੀ ਬਰਨਾਲਾ ਸ਼ਹਿਰ ਵਿੱਚ ਇੱਕ ਘਰ ਤੋਂ ਦੋ ਬੱਚੀਆਂ ਤੋਂ 15000 ਰੁਪਏ ਖੋਹਣ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਨੂੰ ਗਿਰਫਤਾਰ ਕਰਕੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਸਬੰਧੀ ਜਿਆਦਾ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਪੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਸਬਾ ਮਹਿਲ ਕਲਾ ਵਿੱਚ ਚੋਰਾਂ ਵਲੋਂ ਇਕ ਰਾਈਸ ਮਿਲ ਤੋਂ 13 ਜੁਲਾਈ 2021 ਦੀ ਅੱਧੀ ਰਾਤ ਨੂੰ ਖਾਲੀ ਬੋਰੀਆਂ ਚੋਰੀ ਕੀਤੀਆਂ ਗਈਆਂ ਸਨ। ਜਿਸਦੇ ਬਾਅਦ ਬਰਨਾਲਾ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਸ ਮਾਮਲੇ ਵਿੱਚ 12 ਚੋਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਜਿਹਨਾਂ ਤੋਂ ਚੋਰੀ ਕੀਤੀਆਂ 32500 ਖਾਲੀ ਬੋਰੀਆਂ, ਚਾਰ ਵਹੀਕਲ ਅਤੇ ਦੋ ਮੋਟਰਸਾਇਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਮਾਮਲੇ ਵਿੱਚ ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਕੱਚੇ ਕਾਲਜ ਰੋਡ ਉੱਤੇ 17 ਜੁਲਾਈ ਨੂੰ ਕੁੱਝ ਵਿਅਕਤੀਆਂ ਵਲੋਂ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਦਿਨ-ਦਹਾੜੇ ਮਾਰਕੁੱਟ ਕੀਤੀ ਗਈ ਸੀ, ਜਿਸਦੇ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਸੀ। ਬਰਨਾਲਾ ਪੁਲਿਸ ਵਲੋਂ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰਦੇ ਹੋਏ 7 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਤੀਸਰੇ ਮਾਮਲੇ ਵਿੱਚ ਬਰਨਾਲਾ ਸ਼ਹਿਰ ਦੇ ਸ਼ਹੀਦ ਅਜੀਤ ਸਿੰਘ ਨਗਰ ਵਿੱਚ 9 ਜੁਲਾਈ ਨੂੰ ਪੰਜ ਵਿਅਕਤੀਆਂ ਵਲੋਂ ਇੱਕ ਘਰ ਵਿੱਚ ਬੱਚੀਆਂ ਨੂੰ ਡਰਾ ਧਮਕਾ ਕੇ 15000 ਰੁਪਏ ਲੁੱਟੇ ਗਏ ਸਨ। ਜਿਸਦੇ ਬਾਅਦ ਸੀਆਈਏ ਪੁਲਿਸ ਅਤੇ ਹੋਰ ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਮੁੱਖ ਦੋਸ਼ੀਆਂ ਨੂੰ ਗਿਰਫਤਾਰ ਕਰ 7 ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala, Punjab Police