ਬਠਿੰਡਾ ਦੀ ਕੇਂਦਰੀ ਜੇਲ੍ਹ (Bathinda Central Jail) ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਨਜ਼ਰ ਆ ਰਹੀ ਹੈl ਜੇਲ੍ਹ ਬਠਿੰਡਾ ਵਿੱਚ ਗੈਂਗਸਟਰਾਂ (Gangster) ਅਤੇ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਲਦੀਆਂ ਵੀਵੀਆਈਪੀ ਸਹੂਲਤਾਂ ਦੀਆਂ ਨਿੱਤ ਸੁਰਖੀਆਂ ਸਾਹਮਣੇ ਆਉਂਦੀਆਂ ਹਨ। ਅੱਜ ਫਿਰ ਜੇਲ੍ਹ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਕਰੀਬ 11 ਫੋਨ, 1 ਹੈੱਡਫੋਨ ਅਤੇ 4 ਬੈਟਰੀਆਂ ਸਮੇਤ ਹੋਰ ਸਾਮਾਨ ਤੇ 2 ਸਿਮ ਬਰਾਮਦ ਹੋਏ ਹਨ।
ਜੇਲ੍ਹ ਦੇ ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ਤੇ ਕੈਦੀ ਜਸਵਿੰਦਰ ਸਿੰਘ, ਜਗਤਾਰ ਸਿੰਘ, ਦੀਪਕ, ਕੁਲਵਿੰਦਰ ਸਿੰਘ, ਸਨੀ, ਹਵਾਲਾਤੀ ਕਾਕਾ ਸਿੰਘ ਅਤੇ ਲਖਵੀਰ ਸਿੰਘ ਤੇ ਅਜੇ ਕੁਮਾਰ ਤੋਂ 9 ਮੋਬਾਇਲ 1 ਹੈੱਡਫੋਨ ਅਤੇ 4 ਬੈਟਰੀਆਂ ਬਰਾਮਦ ਕਰਨ ਦਾ ਥਾਣਾ ਕੈਂਟ ਵਿਚ ਸੈਕਸ਼ਨ 52ਏ ਜੇਲ੍ਹ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਹਾਇਕ ਸੁਪਰੀਡੈਂਟ ਸਰੂਪ ਚੰਦ ਦੀ ਸ਼ਿਕਾਇਤ ਤੇ ਵਿਕਾਸ ਮੰਗਲ ਪੁੱਤਰ ਸੁਰੇਸ਼ ਕੁਮਾਰ ਅਤੇ ਨਾਮਲੂਮ ਵਿਅਕਤੀ ਖ਼ਿਲਾਫ਼ 9 ਅਪ੍ਰੈਲ ਨੂੰ ਕੇਂਦਰੀ ਜੇਲ੍ਹ ਬਠਿੰਡਾ ਦੀ ਤਲਾਸ਼ੀ ਦੌਰਾਨ ਉਕਤ ਦੋਸ਼ੀਆਂ ਪਾਸੋਂ 2 ਮੋਬਾਇਲ ਫੋਨ 2 ਸਿਮ ਬਰਾਮਦ ਕਰਨ ਦਾ ਥਾਣਾ ਕੈਂਟ ਵਿਚ ਸੈਕਸ਼ਨ 52ਏ ਜੇਲ੍ਹ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ 2 ਮਾਮਲਿਆਂ ਤਹਿਤ ਕੈਦੀਆਂ ਤੋਂ ਕਰੀਬ 11 ਫੋਨ ਬਰਾਮਦ ਹੋਏ ਹਨ ਜੋ ਵੱਡੀ ਬਰਾਮਦਗੀ ਹੈ।
ਕੈਦੀਆਂ ਅਤੇ ਹਵਾਲਾਤੀਆਂ ਤੋਂ ਭਾਰੀ ਗਿਣਤੀ ਵਿਚ ਮੋਬਾਇਲ ਬਰਾਮਦਗੀ ਕਰਕੇ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰੱਖਿਆ ਪ੍ਰਬੰਧ ਅਤੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਤੇ ਸਵਾਲ ਖਡ਼੍ਹੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਚ ਖੂਨੀ ਝੜਪ ਵੀ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਗੰਭੀਰ ਕੁੱਟਮਾਰ ਕੀਤੀ ਗਈ ਸੀ ਤੇ ਪੁਲੀਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ। ਪਿਛਲੇ ਮਹੀਨੇ ਵੀ ਤਿੰਨ ਦਿਨ ਲਗਾਤਾਰ ਕੈਦੀਆਂ ਤੋਂ ਮੋਬਾਇਲ ਬਰਾਮਦਗੀ ਦੀਆਂ ਸੁਰਖੀਆਂ ਸਾਹਮਣੇ ਆਈਆਂ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Bathinda Central Jail, Crime news, Punjab Police