ਨਵੀਂ ਦਿੱਲੀ: ਵਿੱਤ ਮੰਤਰੀ, ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਸ੍ਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਬਣਾਏ ਜਾਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਇਹ ਪਾਰਕ ਪੂਰੇ ਦੇਸ਼, ਖਾਸ ਤੌਰ ’ਤੇ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ।
“Bathinda Pharmaceutical Park Would Serve the Entire Nation”: Meeting with Union Minister, Dr. Mansukh Mandaviya, in New Delhi to present the case of Bathinda as a National Pharmaceutical Park. pic.twitter.com/tziF5gQZkw
— Manpreet Singh Badal (@MSBADAL) October 22, 2021
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਵਿਖੇ ਪੂਰੀ ਤਰਾਂ ਕਾਰਜਸ਼ੀਲ “ਏ’’ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਹੈ ਜੋ ਇਸ ਜਗਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ। ਇਸ ਦੇ ਨਾਲ ਹੀ 134 ਏਕੜ ਵਿੱਚ ਮੌਜੂਦ ਪਾਣੀ ਦੇ ਵੱਖ ਵੱਖ ਸੋਮੇ ਅਤੇ ਝੀਲਾਂ ਇਸ ਫਾਰਮਾ ਪਾਰਕ ਨੂੰ ਸਥਾਪਤ ਕਰਨ, ਇਸ ਦੀ ਸਾਂਭ-ਸੰਭਾਲ ਅਤੇ ਸੰਚਾਲਨ ਲਈ ਲਾਹੇਵੰਦ ਹੋਣਗੇ।
ਉਨਾਂ ਦੱਸਿਆ ਕਿ ਫਾਰਮਾ ਉਦਯੋਗ ਨੂੰ ਯੂ.ਐਸ.ਐਫ.ਡੀ.ਏ. ਤੋਂ ਮਨਜ਼ੂਰਸ਼ੁਦਾ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ, ਜਿਵੇਂ ਸਨ ਫਾਰਮਾ, ਸੇਂਟਿ੍ਰਐਂਟ ਅਤੇ ਆਈ.ਓ.ਐਲ. ਕੈਮੀਕਲਜ਼ ਤੋਂ ਵੀ ਸਹਾਇਤਾ ਪ੍ਰਾਪਤ ਹੋਏਗੀ। ਬਠਿੰਡਾ ’ਚ ਇਸ ਪਾਰਕ ਨੂੰ ਸਥਾਪਤ ਕਰਨ ਨਾਲ ਆਰ ਐਂਡ ਡੀ ਈਕੋਸਿਸਟਮ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਅਤੇ ਨੈਨੋ ਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਤੋਂ ਇਲਾਵਾ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼, ਬਠਿੰਡਾ) ਅਤੇ ਮਾਈਕਰੋਬਾਇਲ ਟੈਕਨਾਲੋਜੀ ਸੰਸਥਾਨ, ਬਠਿੰਡਾ ਦਾ ਵੀ ਲਾਭ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।