Home /News /punjab /

ਭਗਵੰਤ ਮਾਨ ਵੱਲੋਂ ਰਾਜਪਾਲ ਅੱਗੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼, 16 ਨੂੰ ਚੁੱਕਣਗੇ ਸਹੁੰ

ਭਗਵੰਤ ਮਾਨ ਵੱਲੋਂ ਰਾਜਪਾਲ ਅੱਗੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼, 16 ਨੂੰ ਚੁੱਕਣਗੇ ਸਹੁੰ

ਰਾਜਪਾਲ ਨੂੰ ਮਿਲੇ ਭਗਵੰਤ ਮਾਨ, ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਰਾਜਪਾਲ ਨੂੰ ਮਿਲੇ ਭਗਵੰਤ ਮਾਨ, ਸਰਕਾਰ ਬਣਾਉਣ ਲਈ ਦਾਅਵਾ ਪੇਸ਼

  • Share this:
    ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਭਗਵੰਤ ਮਾਨ ਨੇ ਰਾਜਪਾਲ ਅੱਗੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ।



    ਭਗਵੰਤ ਮਾਨ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਪਹੁੰਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਮਾਨ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ। ਭਗਵੰਤ ਮਾਨ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾ ਵਿਖੇ ਦੁਪਹਿਰ 12.30 ਵਜੇ ਸਹੁੰ ਚੁੱਕਣਗੇ।

    ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 16 ਮਾਰਚ ਨੂੰ ਸਿਰਫ਼ ਉਹ ਹੀ ਨਹੀਂ ਬਲਕਿ ਪੰਜਾਬ ਦੀ ਖੁਸ਼ਹਾਲੀ ਲਈ ਪੂਰੇ ਪੰਜਾਬ ਦੇ ਲੋਕ ਸਹੁੰ ਚੁੱਕਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਹੁੰ ਚੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ੍ਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਰਾਹ 'ਤੇ ਚਲਦਿਆਂ ਪੰਜਾਬ ਦੀ ਖੁਸ਼ਹਾਲੀ ਲਈ ਵੱਡੇ ਫੈਸਲੇ ਲਏ ਜਾਣਗੇ।




    ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਜਿੱਤੇ ਵਿਧਾਇਕਾਂ ਨੇ ਕੱਲ੍ਹ ਮੁਹਾਲੀ ’ਚ ਮੀਟਿੰਗ ਦੌਰਾਨ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਰਸਮੀ ਤੌਰ ’ਤੇ ਆਗੂ ਚੁਣ ਲਿਆ ਸੀ। ਧੂਰੀ ਤੋਂ ਵਿਧਾਇਕ ਬਣੇ ਸ੍ਰੀ ਮਾਨ 16 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।

    ਉਨ੍ਹਾਂ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਰਸਮੀ ਤੌਰ ’ਤੇ ਦਾਅਵਾ ਪੇਸ਼ ਕੀਤਾ। ‘ਆਪ’ ਵੱਲੋਂ 13 ਮਾਰਚ ਨੂੰ ਅੰਮ੍ਰਿਤਸਰ ਵਿੱਚ ਇੱਕ ਰੋਡ ਸ਼ੋਅ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ।

    ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ‘ਆਪ’ ਪਹਿਲੀ ਵਾਰ ਸੱਤਾ ’ਤੇ ਕਾਬਜ਼ ਹੋਣ ਜਾ ਰਹੀ ਹੈ, ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ।

    ਇਸ ਤੋਂ ਪਹਿਲਾਂ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ।

    ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਧਾਰਾ (2) ਦੀ ਉਪ ਧਾਰਾ (ਬੀ) ਤਹਿਤ ਮਿਲੀਆਂ ਸ਼ਕਤੀਆਂ ਦੀ ਪਾਲਣਾ ਕਰਦਿਆਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਸੀ।

    ਕੈਬਨਿਟ ਨੇ ਆਪਣੇ ਕਾਰਜਕਾਲ ਦੀ ਆਖਰੀ ਮੀਟਿੰਗ ਕਰਕੇ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਸੀ। ਚੰਨੀ ਨੇ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜੀ ਸੀ ਅਤੇ ਉਹ ‘ਆਪ’ ਦੇ ਉਮੀਦਵਾਰਾਂ ਕੋਲੋਂ ਦੋਵੇਂ ਸੀਟਾਂ ਹਾਰ ਗਏ ਹਨ। ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਸਿਰਫ਼ 18 ਸੀਟਾਂ ’ਤੇ ਜਿੱਤ ਮਿਲੀ ਹੈ।

    Published by:Gurwinder Singh
    First published:

    Tags: Aam Aadmi Party, AAP Punjab, Assembly Elections 2022, Bhagwant Mann, Punjab Assembly Election Results 2022

    ਅਗਲੀ ਖਬਰ