ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੋਰਵੈਲ 'ਚ ਫਸੇ ਫਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਪਾਰਟੀ ਹੈੱਡਕੁਆਟਰ ਰਾਹੀਂ ਭਗਵੰਤ ਮਾਨ ਨੇ 5 ਦਿਨਾਂ ਤੋਂ ਬੋਰਵੈਲ 'ਚ ਫਸੇ 2 ਸਾਲਾ ਫਤਹਿਵੀਰ ਸਿੰਘ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ 'ਤੇ ਗਹਿਰੀ ਚਿੰਤਾ ਅਤੇ ਅਫ਼ਸੋਸ ਜਤਾਇਆ। ਉਨ੍ਹਾਂ ਕਿਹਾ ਕਿ 21ਵੀਂ ਸਦੀ 'ਚ ਮਨੁੱਖ ਤਕਨੀਕ ਅਤੇ ਮਸ਼ੀਨਰੀ ਦੇ ਸਹਾਰੇ ਪਤਾਲ ਤੋਂ ਆਕਾਸ਼ ਤੱਕ ਪੁੱਜ ਗਿਆ ਹੈ, ਪਰੰਤੂ ਅਸੀਂ 128 ਫੁੱਟ 'ਤੇ ਬੋਰਵੈਲ 'ਚ ਫਸੇ ਫਤਹਿਵੀਰ ਤੱਕ ਨਹੀਂ ਪਹੁੰਚ ਸਕੇ। ਇਹ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਸ ਨਾਜ਼ੁਕ ਦੀ ਘੜੀ 'ਚ ਉਹ ਦੂਸ਼ਣਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ, ਪਰ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰੇ ਅਤੇ ਅਜਿਹੀ ਚੁਣੌਤੀ ਨਾਲ ਕਿਵੇਂ ਤੁਰਤ ਨਿਪਟਿਆ ਜਾਵੇ, ਇਸ 'ਤੇ ਚਿੰਤਨ ਕਰਨਾ ਜ਼ਰੂਰੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਹਿਰਾਂ ਦੀ ਟੀਮ ਅਤੇ ਆਧੁਨਿਕ ਮਸ਼ੀਨਰੀ ਭੇਜੀ ਜਾਵੇ, ਕਿਉਂਕਿ 98 ਘੰਟਿਆਂ ਤੱਕ ਵੀ ਫਤਹਿਵੀਰ ਤੱਕ ਪਹੁੰਚਣ ਦੇ ਯਤਨ ਅਸਫਲ ਰਹਿਣ ਕਾਰਨ ਆਮ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਬੇਚੈਨੀ ਵਧਦੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਉਹ ਆਗਾਮੀ ਬਜਟ ਸੈਸ਼ਨ ਦੌਰਾਨ ਇਸ ਤਰ੍ਹਾਂ ਦੇ ਅਤਿ-ਆਧੁਨਿਕ ਮਸ਼ੀਨਰੀ ਅਤੇ ਯੰਤਰਾਂ ਲਈ ਵਿਸ਼ੇਸ਼ ਬਜਟ ਤਜਵੀਜ਼ ਪੇਸ਼ ਕਰਨਗੇ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ 'ਚ ਜਾਂ ਆਲੇ-ਦੁਆਲੇ ਅਜਿਹੇ ਬੋਰਵੈਲ ਹਨ ਤਾਂ ਉਨ੍ਹਾਂ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਲੋਕ ਖ਼ੁਦ ਹੀ ਕਰ ਲੈਣ ਅਤੇ ਅਜਿਹੇ ਬਚਾਅ ਪੱਖੀ ਕੰਮ ਲਈ ਸਰਕਾਰਾਂ ਤੋਂ ਉਮੀਦ ਨਾ ਕਰਨ ਕਿਉਂਕਿ ਆਮ ਲੋਕ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਚੁਨੌਤੀਆਂ ਸਰਕਾਰਾਂ ਦੇ ਏਜੰਡੇ 'ਤੇ ਨਹੀਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।