ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਫਸਲ ਦਾ ਬਦਲਵਾਂ ਰੂਪ ਦੇਣ ਲਈ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੀ ਫ਼ਸਲ ਤੇ ਪੂਰਾ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਹੈ ਅਤੇ ਇਹ ਵੀ ਐਲਾਨ ਕੀਤਾ ਹੈ ਕਿ ਮੂੰਗੀ ਅਤੇ ਮੱਕੀ ਦੀ ਫਸਲ ਸਰਕਾਰ ਖ਼ੁਦ ਖ਼ਰੀਦ ਕਰੇਗੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਆੜਤੀਆਂ ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਆੜ੍ਹਤੀਆਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।
ਅੱਜ ਬਠਿੰਡਾ ਵਿੱਚ ਵੀ ਆੜਤੀਆਂ ਵੱਲੋਂ ਸਾਬਕਾ ਪ੍ਰਧਾਨ ਰਜਿੰਦਰ ਕੁਮਾਰ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਆਡ਼੍ਹਤੀਆਂ ਨੂੰ ਬਣਦਾ ਕਮਿਸ਼ਨ ਦੇਣ ਦੀ ਵੀ ਮੰਗ ਕੀਤੀ। ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਕੁਮਾਰ ਨੇ ਕਿਹਾ ਕਿ ਮੱਕੀ ਅਤੇ ਮੂੰਗੀ ਦੀ ਫ਼ਸਲ ਤੇ ਐਮਐਸਪੀ ਦੇਣਾ ਸਰਕਾਰ ਦਾ ਵਧੀਆ ਫੈਸਲਾ ਹੈ ਪਰ ਆੜ੍ਹਤੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧੀ ਫ਼ਸਲ ਦੀ ਖ਼ਰੀਦ ਕਰਨਾ ਗ਼ਲਤ ਹੈ।ਉਨ੍ਹਾਂ ਕਿਹਾ ਕਿ ਆੜ੍ਹਤੀਏ ਮੰਗ ਕਰਦੇ ਹਨ ਕਿ ਆਡ਼੍ਹਤੀਆਂ ਨੂੰ ਦੋਨਾਂ ਫਸਲਾਂ ਦਾ ਬਣਦਾ ਕਮਿਸ਼ਨ ਜਾਰੀ ਕੀਤਾ ਜਾਵੇ ਅਤੇ ਇਹ ਰੂਲ ਬਣਾਇਆ ਜਾਵੇ ਕਿ ਦੋਨਾਂ ਧਿਰਾਂ ਵਿਚ ਪੁਰਾਣੇ ਸਬੰਧ ਕਾਇਮ ਰਹਿਣ ਕਿਉਂਕਿ ਸਰਕਾਰ ਦਾ ਇਹ ਫ਼ੈਸਲਾ ਆਡ਼੍ਹਤੀਆਂ ਅਤੇ ਕਿਸਾਨਾਂ ਵਿੱਚ ਦਰਾਰ ਪਾਉਣ ਵਾਲਾ ਫ਼ੈਸਲਾ ਸਾਬਤ ਹੋਵੇਗਾ ਜੋ ਚੰਗੀ ਗੱਲ ਨਹੀਂ । ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਆਂ ਨੂੰ ਕਮਿਸ਼ਨ ਹੀ ਨਹੀਂ ਮਿਲੇਗਾ ਤਾਂ ਫਿਰ ਉਹ ਮੰਡੀਆਂ ਵਿਚ ਪਹੁੰਚਣ ਵਾਲੀ ਮੱਕੀ ਅਤੇ ਮੂੰਗੀ ਦੀ ਫ਼ਸਲ ਦਾ ਸਾਂਭ ਸੰਭਾਲ ਜਾਂ ਝਾੜ, ਸਾਫ਼ ਸਫ਼ਾਈ ਕਿਉਂ ਕਰਨਗੇ। ਪੰਜਾਬ ਸਰਕਾਰ ਦੇ ਇਸ ਫੈਸਲੇ ਪ੍ਰਤੀ ਕਿਸਾਨਾਂ ਵੱਲੋਂ ਵੀ ਆੜ੍ਹਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਬਣਦੇ ਹੱਕ ਦੇਣ ਦੀ ਮੰਗ ਕੀਤੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda