ਬਠਿੰਡਾ: C-TET PAPER: ਸਥਾਨਕ ਚੰਡੀਗੜ੍ਹ ਰੋਡ 'ਤੇ ਆਦੇਸ਼ ਹਸਪਤਾਲ ਦੇ ਸਾਹਮਣੇ ਈਓਨ ਨਾਮ ਦੇ ਸੈਂਟਰ ਬਾਹਰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ "ਸੀ-ਟੈਟ" ਦਾ ਪੇਪਰ ਦੇਣ ਆਏ ਸਿਖਿਆਰਥੀਆਂ ਨੇ ਪ੍ਰਬੰਧਕਾਂ ਦੀ ਮਨਮਰਜ਼ੀ ਅਤੇ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਸਮੇਂ ਤੋਂ ਪਹਿਲਾਂ ਸੈਂਟਰ ਦਾ ਗੇਟ ਬੰਦ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ। ਇਸ ਮੌਕੇ ਹਾਲਾਤ ਉਸ ਸਮੇਂ ਹੋਰ ਵੀ ਵਿਗੜਦੇ ਹੋਏ ਨਜ਼ਰ ਆਏ ਜਦੋਂ ਪੇਪਰ ਦੇਣ ਤੋਂ ਅਸਮਰੱਥ ਰਹੇ ਸੈਂਕੜੇ ਵਿਦਿਆਰਥੀਆਂ ਨੇ ਪ੍ਰਬੰਧਕਾਂ 'ਤੇ (Student Protest) ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ।
ਜਾਣਕਾਰੀ ਹੋਣ ਦੇ ਬਾਵਜੂਦ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਨੁਮਾਇੰਦਾ ਜਾਂ ਸਰਕਾਰੀ ਆਗੂ ਮੌਕੇ ਤੇ ਨਾ ਪਹੁੰਚਿਆ। ਇਸ ਮੌਕੇ ਕਈ ਅੰਗਹੀਣ ਲੜਕੀਆਂ ਨੂੰ ਵੀ ਖੱਜਲ ਹੋਣਾ ਪਿਆ। ਪੇਪਰ ਦੇਣ ਤੋਂ ਅਸਮਰੱਥ ਰਹੇ ਵਿਦਿਆਰਥੀ ਨੀਲਮ ਰਾਣੀ, ਮਨਪ੍ਰੀਤ ਕੌਰ, ਸਰਬਜੀਤ ਕੌਰ, ਸੁਨੀਤਾ ਰਾਣੀ, ਅਬੋਹਰ ਵਾਸੀ ਸੁਸ਼ਮਾ ਰਾਣੀ ਨੇ ਕਿਹਾ ਕਿ ਉਹ ਬਠਿੰਡਾ ਤੋਂ ਕਰੀਬ 125-150 ਕਿਲੋਮੀਟਰ ਤੋਂ ਚੱਲ ਕੇ ਪੇਪਰ ਦੇਣ ਲਈ ਆਏ ਸਨ, ਸੰਘਣੀ ਧੁੰਦ ਹੋਣ ਕਰਕੇ ਉਹ ਸੈਂਟਰ ਕੋਲ ਕਰੀਬ 9:15 ਵਜੇ ਪਹੁੰਚ ਗਏ, ਪਰ ਪ੍ਰਬੰਧਕਾਂ ਵੱਲੋਂ 9:30 ਤੋਂ ਪਹਿਲਾਂ ਹੀ ਗੇਟ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਅੰਦਰ ਨਾ ਵੜਨ ਦਿੱਤਾ, ਜਦੋਂ ਕਿ ਉਨ੍ਹਾਂ ਨੇ ਰੋ ਰੋ ਕੇ ਆਪਣੇ ਦੁੱਖੜੇ ਸੁਣਾਏ ਪਰ ਕੋਈ ਸੁਣਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਹਜ਼ਾਰਾਂ ਰੁਪਏ ਖ਼ਰਚ ਕੇ ਫਾਰਮ ਭਰਦੇ ਹਨ, ਪਰ ਸੈਂਟਰਾਂ ਵਿਚ ਪ੍ਰਬੰਧਕਾਂ ਦੀ ਮਨਮਰਜ਼ੀ ਕਰਕੇ ਉਨ੍ਹਾਂ ਨੂੰ ਆਰਥਿਕ, ਮਾਨਸਿਕ ਅਤੇ ਸਰੀਰਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕਰੀਬ 96 ਸਿਖਿਆਰਥੀ ਸੈਂਟਰ ਦਾ ਗੇਟ ਸਮੇਂ ਤੋਂ ਪਹਿਲਾਂ ਬੰਦ ਹੋਣ ਕਰਕੇ ਪੇਪਰ ਦੇਣ ਤੋਂ ਵਾਂਝੇ ਰਹਿ ਗਏ।
ਸਾਡੀ ਕੋਈ ਗਲਤੀ ਨਹੀਂ: ਸੈਂਟਰ ਪ੍ਰਬੰਧਕ
ਇਸ ਮਾਮਲੇ ਸੰਬੰਧੀ ਜਦੋਂ ਸੈਂਟਰ ਦੇ ਪ੍ਰਬੰਧਕ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਿਯਮਾਂ ਅਨੁਸਾਰ ਸਵਾ ਨੌਂ ਵਜੇ ਗੇਟ ਬੰਦ ਸੀ, ਜਿਸ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਕਿਉਂਕਿ ਰੋਲ ਨੰਬਰ ਤੇ ਸਮੇਂ ਤੋਂ ਪਹਿਲਾਂ ਸੈਂਟਰ ਵਿੱਚ ਦਾਖ਼ਲੇ ਸਬੰਧੀ ਦੱਸਿਆ ਗਿਆ ਹੈ। ਸੂਚਨਾ ਮਿਲਦੇ ਹੀ ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ ਵੀ ਪਹੁੰਚੇ ਤੇ ਉਨ੍ਹਾਂ ਵਿਦਿਆਰਥੀਆਂ ਲਈ ਚਾਅ ਦਾ ਪ੍ਰਬੰਧ ਕੀਤਾ ਅਤੇ ਪ੍ਰਬੰਧਕਾਂ ਦੀ ਮਨਮਰਜ਼ੀ ਤੇ ਰੋਸ ਪ੍ਰਗਟ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Examination, Exams, Protests, Students