ਬੇਤਹਾਸ਼ਾ ਪੈ ਰਹੀ ਗਰਮੀ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ, ਬਾਜ਼ਾਰਾਂ ਅਤੇ ਸੜਕਾਂ ਵਿੱਚ ਸੁੰਨ ਮਸਾਣ ਪਈ ਹੈ। ਲੋਕ ਘਰਾਂ ਵਿੱਚ ਹੀ ਵੜ ਕੇ ਰਹਿਣ ਲਈ ਮਜਬੂਰ ਹਨ। ਅੱਜ ਬਠਿੰਡਾ ਵਿੱਚ ਗਰਮੀ ਦਾ ਜ਼ਬਰਦਸਤ ਝਟਕਾ ਲੱਗਿਆ ਹੈ। ਗਰਮੀ ਕਾਰਨ ਇਕ ਛੋਟਾ ਹਾਥੀ ਟੈਂਪੂ ਚਾਲਕ ਵਿਅਕਤੀ ਸਮੇਤ ਇੱਕ ਬਜ਼ੁਰਗ ਔਰਤ ਕੁੱਲ 2 ਵਿਅਕਤੀਆਂ ਦੀ ਗਰਮੀ ਨਾਲ ਮੌਤ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ।
ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੈ ਗੋਇਲ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਮਾਲ ਗੋਦਾਮ ਰੋਡ 'ਤੇ ਨਗਰ ਨਿਗਮ ਦਫਤਰ ਦੇ ਨਜ਼ਦੀਕ 80 ਸਾਲ ਦੇ ਬਜ਼ੁਰਗ ਔਰਤ ਦੀ ਗਰਮੀ ਨਾਲ ਮੌਤ ਹੋ ਗਈ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਜਾਣਕਾਰੀ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਈ। ਬਜ਼ੁਰਗ ਔਰਤ ਦੀ ਸ਼ਨਾਖਤ ਨਹੀਂ ਹੋ ਸਕੀ।
ਦੂਸਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਛੋਟਾ ਹਾਥੀ ਟੈਂਪੂ ਚਾਲਕ ਜਿਸ ਦੀ ਪਹਿਚਾਣ ਪ੍ਰਿਤਪਾਲ ਸਿੰਘ ਪੁੱਤਰ ਜੰਗ ਸਿੰਘ ਵਾਸੀ ਜਨਤਾ ਨਗਰ ਦੇ ਤੌਰ ਤੇ ਹੋਈ ਹੈ ਦੀ ਗਰਮੀ ਨਾਲ ਮੌਤ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ਤੇ ਸਹਾਰਾ ਜਨ ਸੇਵਾ ਦੇ ਵਰਕਰ ਪਹੁੰਚੇ ਤੇ ਉਨ੍ਹਾਂ ਥਾਣਾ ਕੈਨਾਲ ਪੁਲੀਸ ਦੇ ਸਹਿਯੋਗ ਨਾਲ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ। ਉਨ੍ਹਾਂ ਦੱਸਿਆ ਕਿ ਬੇਤਹਾਸ਼ਾ ਪੈ ਰਹੀ ਗਰਮੀ ਕਾਰਨ ਹੁਣ ਤੱਕ ਬਠਿੰਡਾ ਵਿੱਚ ਕਰੀਬ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Death, Heat wave, Hot Weather