ਕੇਂਦਰੀ ਜੇਲ੍ਹ ਬਠਿੰਡਾ ਇੱਕ ਵਾਰ ਫਿਰ ਸੁਰਖੀਆਂ (ਵਿਵਾਦਾਂ) ਵਿੱਚ ਆ ਗਈ ਹੈ । ਇਸ ਵਾਰ ਹਵਾਲਾਤੀਆਂ ਵਿਚ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਜੇਲ੍ਹ ਬਠਿੰਡਾ ਵਿੱਚ ਹੋਈ ਖੂਨੀ ਝੜਪ ਵਿੱਚ ਇਕ ਹਵਾਲਾਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਆਨਨ-ਫਾਨਨ ਵਿਚ ਜੇਲ ਪ੍ਰਬੰਧਕਾਂ ਵਲੋਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਵਾਲਾਤੀ ਨੇ ਦੱਸਿਆ ਕਿ ਉਹ ਜਬਰ ਜਨਾਹ ਦੇ ਦਰਜ ਮਾਮਲੇ ਅਧੀਨ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਹੈ ਅਤੇ ਉਹ ਸੰਗਰੂਰ ਦਾ ਰਹਿਣ ਵਾਲਾ ਹੈ। ਹਵਾਲਾਤੀ ਨੇ ਦੱਸਿਆ ਕਿ ਉਸ ਦੇ ਅਹਾਤੇ ਵਿੱਚ ਦੂਸਰੇ ਹਵਾਲਾਤੀ ਨਾਲ ਲੱਗਦੇ ਅਹਾਤੇ ਵਿਚੋਂ ਫੋਨ ਲਿਆ ਕੇ ਗੱਲ ਕਰਵਾਉਂਦੇ ਸਨ ਉਸ ਨੇ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੇ, ਅੱਜ ਜਦੋਂ ਉਸ ਨੇ ਦੁਬਾਰਾ ਗੱਲ ਕਰਾਉਣ ਤੇ ਰੋਕਿਆ ਤਾਂ ਦੂਸਰੇ ਹਵਾਲਾਤੀ ਨੇ ਉਸਦੇ ਸਿਰ ਵਿੱਚ ਚਾਹ ਵਾਲੀ ਕੇਤਲੀ ਮਾਰ ਦਿੱਤੀ, ਜਿਸ ਕਰਕੇ ਉਹ ਜ਼ਖਮੀ ਹੋ ਗਿਆ ਅਤੇ ਜੇਲ੍ਹ ਪ੍ਰਬੰਧਕਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਵਾਲਾਤੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਬੈਰਕਾਂ ਵਿੱਚ ਸ਼ਰ੍ਹੇਆਮ ਫੋਨ ਚੱਲ ਰਹੇ ਹਨ, ਜੇਲ੍ਹ ਪ੍ਰਬੰਧਕ ਕੋਈ ਧਿਆਨ ਨਹੀਂ ਦਿੰਦੇ ।
ਇਸ ਮਾਮਲੇ ਸਬੰਧੀ ਜਦੋਂ ਜੇਲ੍ਹ ਚੌਕੀ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਕੀਤਾ। ਇਸ ਮਾਮਲੇ ਸਬੰਧੀ ਜਦੋਂ ਸਬੰਧਤ ਥਾਣਾ ਐੱਸ ਐੱਚ ਓ ਕੈਂਟ ਨਾਲ ਗੱਲ ਕੀਤੀ ਤਾਂ ਸਾਬ੍ਹ ਦਾ ਜਵਾਬ ਸੀ ਕਿ ਮਾਮਲਾ ਧਿਆਨ ਵਿੱਚ ਨਹੀਂ । ਹੈਰਾਨਗੀ ਦੀ ਗੱਲ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਇਲ ਤੇ ਗੱਲਾਂ ਕਰਵਾਉਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਹਵਾਲਾਤੀ ਨੂੰ ਜ਼ਖ਼ਮੀ ਕਰ ਦਿੱਤਾ ਤੇ ਪੁਲੀਸ ਦੇ ਇਹ ਮਾਮਲਾ ਵੀ ਧਿਆਨ ਵਿੱਚ ਨਹੀਂ ।
ਜ਼ਿਕਰਯੋਗ ਹੈ ਅਸੀਂ ਪਹਿਲਾਂ ਹੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਗਾਇਕ ਸਿੱਧੂ ਮੂਸੇ ਵਾਲਾ ਦੇ ਹੋਏ ਕਤਲ ਦੀ ਵਾਪਰੀ ਘਟਨਾ ਕਰਕੇ ਦੋ ਨਾਮੀ ਗੈਂਗਸਟਰਾਂ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਵਿੱਚ ਟਕਰਾਅ ਵਧ ਰਿਹਾ ਹੈ , ਜਿਸ ਕਰਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਦੋਨਾ ਨਾਮਵਰ ਗੈਂਗਸਟਰਾਂ ਦੇ ਸਾਥੀਆਂ ਵਿੱਚ ਝੜਪ ਹੋ ਸਕਦੀ ਹੈ। ਅੱਜ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਹਵਾਲਾਤੀਆਂ ਵਿੱਚ ਮੋਬਾਇਲ ਤੇ ਗੱਲਾਂ ਕਰਵਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ।
ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ਹਮੇਸ਼ਾਂ ਹੀ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਇਲ ਮਿਲਣ ਦੇ ਦਰਜ ਮਾਮਲਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ ਅਤੇ ਹਵਾਲਾਤੀ ਵੱਲੋਂ ਲਾਏ ਦੋਸ਼ਾਂ ਤਹਿਤ ਅੱਜ ਵੀ ਬੈਰਕਾਂ ਵਿੱਚ ਫੋਨ ਚੱਲਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Bathinda Central Jail