ਸੂਰਜ ਭਾਨ
ਬਠਿੰਡਾ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਥਾਣਾ ਨੇਹੀਆ ਵਾਲਾ ਅੱਗੇ ਚਿੱਟੇ ਦੇ ਸਮਗਲਰਾਂ ਨੂੰ ਜੇਲਾਂ ਵਿੱਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ। ਹੋਰ ਪਿੰਡਾ ਵਿੱਚ ਸ਼ਰੇਆਮ ਵਿੱਕ ਰਹੇ ਨਸ਼ਿਆਂ ਤੋਂ ਦੁੱਖੀ ਲੋਕਾਂ ਵੱਲੋਂ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਮੇਟੀ ਮੈੰਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿੱਕ ਰਹੇ ਚਿੱਟੇ ਅਤੇ ਹੋਰ ਮਾਰੂ ਨਸ਼ਿਆ ਨੇ ਮਾਵਾਂ ਦੇ ਗੱਭਰੂ ਪੁੱਤਾਂ ਨੂੰ ਨਿਗਲ ਲਿਆ ਹੈ।
ਪਰ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਮਾਨ ਸਰਕਾਰ ਹੱਥਾਂ ਤੇ ਹੱਥ ਧਰਕੇ ਚੁੱਪਚਾਪ ਬਲਦੇ ਸਿਵਿਆਂ ਵੱਲ ਦੇਖ ਰਹੀ ਹੈ। ਉਨਾਂ ਕਿਹਾ ਕਿ ਪਿੰਡ ਜੀਦੇ ਵਿੱਚ ਚਿੱਟੇ ਦੇ ਵਪਾਰੀ ਨਸ਼ਾ ਵੇਚਕੇ ਚੰਗੇ ਹੱਥ ਰੰਗ ਰਹੇ ਹਨ। ਜਿਨਾਂ ਬਾਰੇ ਪਹਿਲਾਂ ਵੀ ਪਿੰਡ ਦੇ ਲੋਕਾਂ ਨੇ ਥਾਣੇ ਵਿੱਚ ਉਨਾਂ ਦੇ ਨਾਮ ਨਸ਼ਰ ਕਰਕੇ ਉਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ। ਪਰ ਨਸ਼ਿਆ ਦੇ ਵਿਉਪਾਰੀਆਂ ਦਾ ਧੰਦਾ ਰੁਕਣ ਦੀ ਵਜਾਏ ਪਹਿਲਾਂ ਨਾਲੋਂ ਵੀ ਤੇਜ਼ੀ ਫੜ ਗਿਆ। ਧਰਨੇ ਨੂੰ ਮਜ਼ਦੂਰ ਆਗੂ ਮਨਦੀਪ ਸਿੰਘ ਸਿਬੀਆਂ, ਕਾਕਾ ਸਿੰਘ ਜੀਦਾ ਤੇ ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੇ ਕਿਹਾ ਸਰਕਾਰ ਤੇ ਪੁਲਿਸ ਦੀ ਸਰਪ੍ਰਸਤੀ ਹੇਠ ਵਿੱਕ ਰਹੇ ਨਸ਼ੇ ਨੇ ਇੱਕ ਪਾਸੇ ਸਮਗਲਰਾਂ ਦੀਆਂ ਦੌਲਤਾਂ ਵਿੱਚ ਬੇਥਾਹ ਵਾਧੇ ਕੀਤੇ ਹਨ ਅਤੇ ਦੂਜੇ ਪਾਸੇ ਨਸ਼ਿਆ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੇ ਮੱਥੇ 'ਤੇ ਨਸੇੜੀਆਂ ਅਤੇ ਚੋਰਾਂ ਦਾ ਕਲੰਕ ਲਾਕੇ ਉਨਾਂ ਨੂੰ ਸਮਾਜ ਅੰਦਰ ਨਮੋਸ਼ੀ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸਰਕਾਰ ਤੋਂ ਨਸ਼ੇ ਦੇ ਵਿਉਪਾਰੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜਾਵਾਂ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ, ਨਸ਼ੇ ਦੇ ਆਦੀ ਬਣਾਏ ਨੌਜਵਾਨਾਂ ਨਾਲ ਹਮਦਰਦੀ ਭਰਿਆ ਸਲੀਕਾ ਅਪਣਾਕੇ ਉਨਾਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਵਾਉਣ। ਇਲਾਜ ਦੌਰਾਨ ਉਨਾਂ ਦੇ ਪਰਿਵਾਰਾਂ ਨੂੰ ਘਰੇਲੂ ਖਰਚਾ ਦੇਣ, ਪਿੰਡਾਂ ਵਿੱਚ ਨਸ਼ਿਆਂ ਨੂੰ ਰੋਕਣ 'ਤੇ ਹੋ ਰਹੀਆਂ ਚੋਰੀਆਂ ਨੂੰ ਠੱਲਣ ਲਈ ਪੁਲਿਸ ਦੇ ਵਿਸੇਸ਼ ਦਸਤੇ ਬਣਾਕੇ ਗਸਤ ਕਰਵਾਉਣ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਜੀਦਾ ਵੱਲੋਂ ਮਲਕੀਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਜੱਥੇ ਨੇ ਭਰਾਤਰੀ ਹਿਮਾਇਤ ਕਰਦਿਆਂ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ। ਧਰਨੇ ਦੀ ਸਮਾਪਤੀ ਮਗਰੋਂ ਡੀ ਐਸ ਪੀ ਸਤਵੀਰ ਸਿੰਘ ਤੇ ਐਸ ਐਚ ਓ ਨੂੰ ਮੰਗ ਪੱਤਰ ਦਿੱਤਾ ਗਿਆ। ਜਿਨਾਂ ਨੇ ਮੰਗਾਂ ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab