ਬਠਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਹ ਜੋ ਬੋਲਦੇ ਹਨ, ਉਹ ਕਾਨੂੰਨ ਬਣਦਾ ਹੈ ਅਤੇ ਲਾਗੂ ਹੁੰਦਾ ਹੈ। ਪਰ ਬਠਿੰਡਾ ਦਾ ਪੁਲਿਸ ਪ੍ਰਸ਼ਾਸਨ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ, ਜਿਸਦੀ ਗਵਾਹੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਡਿਊਟੀ 'ਤੇ ਤੈਨਾਤੀ ਭਰ ਰਹੀ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਸ ਮੁਖੀ ਅਜੈ ਮਲੂਜਾ ਫੋਨ 'ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਇਹ ਵੀ ਚਰਚਾ ਹੈ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸ਼ਹਿਰ ਵਿੱਚ ਮੁੱਖ ਮੰਤਰੀ ਦੇ ਹੁਕਮਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਂਦਾ!
ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਰੋਮਾਣਾ, ਡੀਐੱਸਪੀ ਸਿਟੀ ਵੱਜੋਂ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਨੂੰ ਸੇਵਾਮੁਕਤੀ ਹੋਣ ਤੋਂ ਬਾਅਦ ਇੱਕ ਸਾਲ ਦਾ ਵਾਧੂ ਕਾਰਜਕਾਲ ਦਾ ਲਾਭ ਦਿੱਤਾ ਗਿਆ, ਪ੍ਰੰਤੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਦਿੱਤੇ ਵਾਧੂ ਸੇਵਾ ਕਾਰਜ ਨੂੰ ਰੱਦ ਕਰਦਿਆਂ ਤੁਰੰਤ ਰਿਟਾਇਰ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ, ਪਰ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੂੰ ਅਜੇ ਤੱਕ ਵੀ ਰਿਟਾਇਰ ਨਹੀਂ ਕੀਤਾ ਗਿਆ ਤੇ ਅੱਜ ਵੀ ਡਿਊਟੀ 'ਤੇ ਤੈਨਾਤ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਆਖਿਰ ਮੁੱਖ ਮੰਤਰੀ ਦੇ ਆਦੇਸ਼ਾਂ ਦਾ ਕੀ? ਜਾਂ ਮੁੱਖ ਮੰਤਰੀ ਨਾਲੋਂ ਖਜ਼ਾਨਾ ਮੰਤਰੀ ਦੀ ਪਾਵਰ ਵੱਧ ਹੈ? ਕਿਉਂਕਿ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਖ਼ਜ਼ਾਨਾ ਮੰਤਰੀ ਦੀ ਟੀਮ ਦੇ ਮੂਹਰਲੀ ਕਤਾਰ ਵਾਲੇ ਸਿਪਾਹੀ ਹਨ।
ਇਹ ਮਾਮਲਾ ਸੁਰਖੀਆਂ ਵਿੱਚ ਵੀ ਹੈ ਅਤੇ ਸੋਸ਼ਲ ਮੀਡੀਆ 'ਤੇ ਵਿਰੋਧੀ ਧਿਰ ਵੱਲੋਂ 24/11/21 ਨੂੰ ਜਾਰੀ ਹੋਏ ਸੇਵਾਮੁਕਤੀ ਦੇ ਆਰਡਰਾਂ ਦੀ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਕਰਦੇ ਹੋਏ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਅਜੇ ਮਲੂਜਾ ਨਾਲ ਉਨ੍ਹਾਂ ਦੇ ਫੋਨ 'ਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਤਾਂ ਫੋਨ ਨਹੀਂ ਚੁੱਕਿਆ, ਜਿਸ ਕਰਕੇ ਪ੍ਰਸ਼ਾਸਨ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਹੁਣ ਦੇਖਣਾ ਹੋਵੇਗਾ ਕਿ ਆਖ਼ਰ ਮੁੱਖ ਮੰਤਰੀ ਚੰਨੀ ਦੇ ਹੁਕਮ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਵਿੱਚ ਕਦੋਂ ਲਾਗੂ ਹੁੰਦੇ ਹਨ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Charanjit Singh Channi, Chief Minister, Punjab Election 2022, Punjab Police