ਬਠਿੰਡਾ: ਸੀ.ਆਈ.ਏ.-1 ਬਠਿੰਡਾ ਪੁਲਿਸ ਨੇ ਲੁੱਟ-ਖੋਹ, ਹਿੰਸਕ ਘਟਨਾਵਾਂ, ਦੰਗੇ ਫੈਲਾਉਣ ਆਦਿ ਜਿਹੀਆਂ ਘਟਨਾਵਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸਦੇ 3 ਮੈਂਬਰ ਨੂੰ ਪਿਸਤੌਲ ਸਣੇ ਗਿ੍ਰਫ਼ਤਾਰ ਕੀਤਾ, ਜਦਕਿ 5 ਮੈਂਬਰ ਫਰਾਰ ਹੋ ਗਏ।
ਐੱਸ.ਪੀ.(ਇਨਵੈਸਟੀਗੇਸ਼ਨ) ਅਸ਼ੋਕ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਦੇ ਇੰਚਾਰਜ਼ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਬਾਲਿਆਂਵਾਲੀ ਦੇ ਖੇਤਰ ’ਚ ਇਕ ਗਿਰੋਹ ਘੁੰਮ ਰਿਹਾ ਹੈ, ਜੋ ਗੈਰ-ਕਾਨੂੰਨੀ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ। ਸੰਭਾਵਨਾ ਹੈ ਕਿ ਉਹ ਧਾਰਮਿਕ ਦੰਗੇ ਜਾਂ ਕਿਸੇ ਰਾਜਸੀ ਲੀਡਰ ਨੂੰ ਮਾਰਨ ਦੀ ਤਿਆਰੀ ਕਰ ਰਹੇ ਹਨ।
ਪੁਲਿਸ ਅਧਿਕਾਰੀ ਤਰਜਿੰਦਰ ਸਿੰਘ ਦੀ ਟੀਮ ਨੇ ਮੰਡੀ ਕਲਾਂ ਦੀ ਅਨਾਜ਼ ਮੰਡੀ ਨੇੜੇ ਛਾਪਾਮਾਰੀ ਕਰਕੇ ਜਗਸੀਰ ਸਿੰਘ ਵਾਸੀ ਬਾਲਿਆਂਵਾਲੀ, ਮਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਵਾਸੀ ਢੱਡੇ ਨੂੰ ਗ੍ਰਿਫ਼ਤਾਰ ਕਰ ਲਿਆ l ਜਿਨਾਂ ਪਾਸੋਂ ਇਕ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਈ। ਮੌਕੇ ਤੋਂ 5 ਵਿਅਕਤੀ ਫਰਾਰ ਵੀ ਹੋ ਗਏ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਫਰਾਰ ਹੋਏ ਮੁਲਜ਼ਮਾਂ ਦੀ ਸ਼ਨਾਖਤ ਸ਼ੁਭਮ ਵਾਸੀ ਬਠਿੰਡਾ, ਕੁਲਦੀਪ ਸਿੰਘ ਵਾਸੀ ਚੰਡੀਗੜ, ਸੁਰਿੰਦਰ ਸਿੰਘ ਵਾਸੀ ਲਹਿਰਾ ਮੁਹੱਬਤ, ਸੱਤਪਾਲ ਸਿੰਘ ਵਾਸੀ ਫਾਜਿਲਕਾ, ਮੁਹੰਮਦ ਆਬਿਦ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਥਾਣਾ ਬਾਲਿਆਂਵਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ ਪੁੱਛਗਿੱਛ ਜਾਰੀ ਹੈ, ਜਦਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰ ਲਈ ਵੀ ਟੀਮਾਂ ਭੇਜੀਆਂ ਗਈਆਂ ਹਨ। ਬਠਿੰਡਾ ਵਿੱਚ ਅਪਰਾਧ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਠਿੰਡਾ ਪੁਲਿਸ ਆਪਣੇ ਆਪ ਨੂੰ ਚੁਸਤ ਦੱਸ ਰਹੀ ਹੈ ਅਤੇ ਰਾਤ ਨੂੰ ਨਾਕੇ 'ਤੇ ਗਸ਼ਤ ਤੇਜ਼ ਕੀਤੀ ਹੋਈ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵੀ ਨਜ਼ਦੀਕ ਹਨl
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime, Crime news, Police, Punjab Police