Kisan News: ਪਿਛਲੇ ਸਾਲ ਨਾਲੋਂ ਇਸ ਵਾਰ ਗਰਮੀ ਦੀ ਤਪਸ਼ ਜਲਦੀ ਆਉਣ ਕਰਕੇ ਜਿੱਥੇ ਕਣਕ ਦਾ ਝਾੜ ਘਟ ਗਿਆ। ਉਥੇ ਹੀ ਹੁਣ ਬੇਤਹਾਸ਼ਾ ਪੈ ਰਹੀ ਗਰਮੀ ਦੀ ਮਾਰ ਨਰਮੇ ਦੀ ਫ਼ਸਲ (Crop) ਤੇ ਵੀ ਪੈ ਰਹੀ ਹੈ। ਤੇਜ਼ ਧੁੱਪ ਅਤੇ ਤਪਸ ਕਰਕੇ ਬੀਜੀ ਨਰਮੇ ਦੀ ਫ਼ਸਲ ਦੇ ਉੱਗਰੇ ਬੂਟੇ ਝੁਲਸਣ ਲੱਗ ਪਏ ਹਨ। ਗਰਮੀ ਦੀ ਮਾਰ ਕਰਕੇ ਕਿਸਾਨਾਂ ਲਈ ਵੀ ਮੁਸ਼ਕਲਾਂ ਦਾ ਦੌਰ ਵਧ ਰਿਹਾ ਹੈ ਕਿਉਂਕਿ ਪਾਰਾ 45 ਡਿਗਰੀ ਦੇ ਪਾਰ ਹੈ ਹਰ ਪਾਸੇ ਗਰਮੀ ਕਾਰਨ ਸੁੰਨ ਮਸਾਨ ਪਸਰੀ ਹੋਈ ਨਜ਼ਰ ਆ ਰਹੀ ਹੈ। ਗਰਮੀ ਕਾਰਨ ਝੁਲਸ ਰਹੀ ਨਰਮੇ ਦੀ ਫ਼ਸਲ ਨੂੰ ਕਿਸਾਨ ਬੁੱਕਾਂ ਨਾਲ ਪਾਣੀ ਪਾ-ਪਾ ਬਚਾਉਣ ਲਈ ਮਜਬੂਰ ਹਨ,ਕੋਈ ਕਿਸਾਨ ਸਪਰੇਅ ਵਾਲੀ ਟੈਂਕੀ ਨਾਲ ਕੱਲੇ-ਕੱਲੇ ਪੌਦੇ ਨੂੰ ਪਾਣੀ ਪਾ-ਪਾ ਬਚਾ ਰਿਹਾ ਹੈ।
ਪਿੰਡ ਬੱਲੂਆਣਾ ਦੇ ਕਿਸਾਨ ਸਤਪਾਲ ਸਿੰਘ, ਪਿੰਡ ਸਿਵੀਆਂ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਤਹਾਸ਼ਾ ਪੈ ਰਹੀ ਗਰਮੀ ਕਰਕੇ ਨਰਮੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ, ਜੇਕਰ ਮੀਂਹ ਨਾ ਪਿਆ ਤਾਂ ਉਨ੍ਹਾਂ ਨੂੰ ਨਰਮੇ ਦੀ ਫਸਲ ਦੁਬਾਰਾ ਬੀਜਣੀ ਪਵੇਗੀ ਅਤੇ ਝਾੜ ਤੇ ਵੀ ਅਸਰ ਪਵੇਗਾ ਕਿਉਂਕਿ ਗਰਮੀ ਕਾਰਨ ਨਰਮੇ ਅਤੇ ਝੋਨੇ ਦਾ ਨੁਕਸਾਨ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲਾਂ ਬਚਾਉਣ ਲਈ ਮਜਬੂਰ ਹਨ, ਕਿਉਂਕਿ ਬਿਜਲੀ ਦੇ ਕੱਟ ਲੱਗਣ ਕਰਕੇ ਮੋਟਰਾਂ ਚਲਾਉਣੀਆਂ ਵੀ ਔਖੀਆਂ ਹਨ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗਰਮੀ ਨਾਲ ਨੁਕਸਾਨੀ ਜਾ ਰਹੀ ਫਸਲ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ। ਜੇ ਪਹਿਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਖ਼ਰਾਬ ਕਰ ਦਿੱਤੀ ਸੀ, ਜਿਸ ਦਾ ਅਜੇ ਤੱਕ ਕਾਫੀ ਕਿਸਾਨਾਂ ਨੂੰ ਮੁਆਵਜ਼ਾ ਤੱਕ ਵੀ ਨਹੀਂ ਮਿਲਿਆl
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Crop Damage, Heat wave, Punjab farmers, Punjab government